ਮੋਦੀ ਦੇ ਗੁਜਰਾਤ ਤੋਂ ਮੁੰਬਈ ਜਾਣ ਵਾਲੀ ਬੁਲੇਟ ਟਰੇਨ ਦਾ ਮੋਦੀ ਅਤੇ ਆਬੇ ਨੇ ਰਖਿਆ ਨੀਂਹ ਪੱਥਰ

ਖ਼ਬਰਾਂ, ਰਾਸ਼ਟਰੀ



ਅਹਿਮਦਾਬਾਦ, 14 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਮਿਲ ਕੇ ਅੱਜ ਅਹਿਮਦਾਬਾਦ ਤੋਂ ਮੁੰਬਈ ਜਾਣ ਵਾਲੀ ਬੁਲੇਟ ਟਰੇਨ ਦਾ ਨੀਂਹ ਪੱਥਰ ਰਖਿਆ। ਇਸ ਪ੍ਰਾਜੈਕਟ 'ਤੇ ਇਕ ਲੱਖ 10 ਹਜ਼ਾਰ ਕਰੋੜ ਰੁਪਏ ਖ਼ਰਚਾ ਆਵੇਗਾ ਅਤੇ ਦੋਵੇਂ ਸ਼ਹਿਰਾਂ ਵਿਚ ਰੇਲ ਗੱਡੀਆਂ ਜਾਣ ਦਾ ਸਮਾਂ 7 ਘੰਟੇ ਤੋਂ ਘੱਟ ਕੇ ਸਿਰਫ਼ 3 ਘੰਟੇ ਰਹਿ ਜਾਵੇਗਾ। ਇਸ ਪ੍ਰਾਜੈਕਟ ਲਈ ਜਾਪਾਨ ਸਰਕਾਰ ਨੇ 88 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਿਰਫ਼ 0.1 ਫ਼ੀ ਸਦੀ ਵਿਆਜ ਦਰ 'ਤੇ ਦਿਤਾ ਹੈ।
ਨੀਂਹ ਪੱਥਰ ਰੱਖਣ ਤੋਂ ਬਾਅਦ ਆਬੇ ਨੇ ਕਿਹਾ ਕਿ ਭਾਰਤ ਦੇਸ਼ ਦਾ ਮਜ਼ਬੂਤ ਹੋਣਾ ਜਾਪਾਨ ਦੇ ਹਿੱਤ ਵਿਚ ਹੈ ਜਿਸ ਤਰ੍ਹਾਂ ਕਿ ਜਾਪਾਨ ਦਾ ਤਕੜਾ ਹੋਣਾ ਭਾਰਤ ਦੇ ਹਿੱਤ ਵਿਚ ਹੈ। ਉਨ੍ਹਾਂ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਦੂਰ ਦ੍ਰਿਸ਼ਟੀ ਵਾਲੇ ਨੇਤਾ ਹਨ ਜਿਨ੍ਹਾਂ ਨੇ ਭਾਰਤ ਵਿਚ ਬੁਲੇਟ ਟਰੇਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਹੁਣ ਤਕ ਇਹ ਬੁਲੇਟ ਟਰੇਨਾਂ 15 ਦੇਸ਼ਾਂ ਵਿਚ ਚਲਣੀਆਂ ਸ਼ੁਰੂ ਹੋ ਗਈਆਂ ਹਨ ਪਰ ਜਾਪਾਨ ਵਿਚ ਇਹ ਅੱਜ ਤੋਂ 53 ਸਾਲ ਪਹਿਲਾਂ 1964 ਵਿਚ ਚਲਣੀਆਂ ਸ਼ੁਰੂ ਹੋ ਗਈਆਂ ਸਨ।
ਇਸ ਮੌਕੇ ਬੋਲਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਬੁਲੇਟ ਟਰੇਨ ਜਾਪਾਨ ਵਲੋਂ ਅਪਣੇ ਮਿੱਤਰ ਦੇਸ਼ ਭਾਰਤ ਨੂੰ ਦਿਤਾ ਗਿਆ ਬਹੁਤ ਹੀ ਵਡਮੁੱਲਾ ਤੋਹਫ਼ਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਪਹਿਲਾਂ ਸਾਰੇ ਲੋਕ ਬੁਲੇਟ ਟਰੇਨ ਚਲਾਉਣ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਜਦੋਂ ਇਹ ਸੁਪਨਾ ਸਾਕਾਰ ਹੋ ਰਿਹਾ ਹੈ ਤਾਂ ਬਹੁਤ ਸਾਰੇ ਵਿਰੋਧੀ ਧਿਰ ਦੇ ਨੇਤਾ ਇਸ ਦੀ ਆਲੋਚਨਾ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਬੁਲੇਟ ਟਰੇਨ ਚੱਲਣ ਨਾਲ ਦੇਸ਼ ਦਾ ਆਰਥਕ ਵਿਕਾਸ ਤਾਂ ਹੋਵੇਗਾ ਹੀ ਪਰ ਇਸ ਦੇ ਨਾਲ-ਨਾਲ ਹੋਰ ਤਰੱਕੀ ਦੇ ਰਸਤੇ ਵੀ ਖੁਲ੍ਹਣਗੇ। ਇਹ ਪ੍ਰਾਜੈਕਟ 2022 ਤਕ ਪੂਰਾ ਹੋ ਜਾਵੇਗਾ ਤੇ ਦੋਵੇਂ ਸ਼ਹਿਰਾਂ ਵਿਚ 500 ਕਿਲੋਮੀਟਰ ਦੀ ਦੂਰੀ ਹੈ।


ਇਸ ਨਾਲ ਹੀ ਦੋਵੇਂ ਪ੍ਰਧਾਨ ਮੰਤਰੀਆਂ ਨੇ ਵੜੋਦਰਾ ਵਿਖੇ ਬਣਾਏ ਜਾਣ ਵਾਲੇ ਟ੍ਰੇਨਿੰਗ ਇੰਸਟੀਚਿਊਟ ਦਾ ਨੀਂਹ ਪੱਥਰ ਵੀ ਰਖਿਆ। ਇਸ ਇੰਸਟੀਚਿਊਟ ਵਿਚ ਬੁਲੇਟ ਟਰੇਨ ਨਾਲ ਸਬੰਧਤ ਚਾਰ ਹਜ਼ਾਰ ਲੋਕਾਂ ਨੂੰ ਸਿਖਲਾਈ ਦੇਣ ਦਾ ਇੰਤਜ਼ਾਮ ਹੋਵੇਗਾ।


ਨੀਂਹ ਪੱਥਰ ਰੱਖਣ ਸਮੇਂ ਰੇਲਵੇ ਮੰਤਰੀ ਪਿਊਸ਼ ਗੋਇਲ ਤੋਂ ਇਲਾਵਾ ਗੁਜਰਾਤ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ।
ਇਹ ਬੁਲੇਟ ਟਰੇਨ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਇਸ ਰੂਟ ਹਰ ਰੋਜ਼ ਬੁਲੇਟ ਟਰੇਨ 70 ਟਰਿਪ ਲਗਾਏਗੀ ਅਤੇ 2050 ਤਕ ਭਾਰਤ ਵਿਚ ਬੁਲੇਟ ਗੱਡੀਆਂ ਦੀ ਗਿਣਤੀ 105 ਹੋ ਜਾਵੇਗੀ। ਸ਼ੁਰੂ ਵਿਚ ਅਹਿਮਦਾਬਾਦ ਤੋਂ ਮੁੰਬਈ ਜਾਣ ਵਾਲੀ ਬੁਲੇਟ ਟਰੇਨ ਦੇ 10 ਡੱਬੇ ਹੋਣਗੇ ਜਿਨ੍ਹਾਂ ਵਿਚ 750 ਲੋਕ ਸਫ਼ਰ ਕਰ ਸਕਣਗੇ। ਪਰ ਹੌਲੀ ਹੌਲੀ ਇਨ੍ਹਾਂ ਡੱਬਿਆਂ ਦੀ ਗਿਣਤੀ 16 ਕਰ ਦਿਤੀ ਜਾਵੇਗੀ।  (ਪੀਟੀਆਈ)