ਵਡਨਗਰ, 8 ਅਕਤੂਬਰ: ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰੀ ਅਪਣੇ ਜਨਮ ਸਥਾਨ ਦੀ ਯਾਤਰਾ 'ਤੇ ਆਏ ਨਰਿੰਦਰ ਮੋਦੀ ਨੇ ਅੱਜ ਇਕ ਰੋਡ ਸ਼ੋਅ ਕੀਤਾ ਅਤੇ ਅਪਣੇ ਸਕੂਲ 'ਚ ਵੀ ਗਏ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਨੇ ਉਨ੍ਹਾਂ ਨੂੰ 'ਜ਼ਹਿਰ ਪੀਣਾ' ਸਿਖਾਇਆ।
ਮੋਦੀ
ਅਪਣੇ ਸਕੂਲ ਗਏ ਜਿੱਥੇ ਉਨ੍ਹਾਂ ਪੜ੍ਹਾਈ ਕੀਤੀ ਸੀ। ਉਨ੍ਹਾਂ ਬੀ.ਐਨ. ਹਾਈ ਸਕੂਲ ਦੀ
ਮਿੱਟੀ ਨੂੰ ਮੱਥੇ 'ਤੇ ਲਾਇਆ। ਕਿਸੇ ਵੇਲੇ ਉਹ ਵਡਨਗਰ ਰੇਲਵੇ ਸਟੇਸ਼ਨ 'ਚ ਚਾਹ ਵੇਚਿਆ
ਕਰਦੇ ਸਨ। ਉਨ੍ਹਾਂ ਗੁਜਰਾਤ ਤੋਂ ਦਿੱਲੀ ਤਕ ਦੇ ਸਫ਼ਰ ਨੂੰ ਯਾਦ ਕੀਤਾ। ਉਹ ਗੁਜਰਾਤ 'ਚ
ਸਾਲ 2001 ਤੋਂ 13 ਸਾਲਾਂ ਤਕ ਮੁੱਖ ਮੰਤਰੀ ਰਹੇ ਸਨ। ਸੂਬੇ ਅੰਦਰ ਸਾਲ ਦੇ ਅਖ਼ੀਰ 'ਚ
ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਉਹ 2001 ਤੋਂ ਹੀ ਦੇਸ਼ ਦੀ ਸੇਵਾ ਕਰ ਰਹੇ ਹਨ, ਜਦਕਿ ਇਨ੍ਹਾਂ ਸਾਲਾਂ 'ਚ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਬਹੁਤ ਜ਼ਹਿਰ ਉਗਲਿਆ ਹੈ। ਸ਼ਾਇਦ ਉਹ ਸੂਬੇ ਅੰਦਰ 2002 ਦੇ ਦੰਗਿਆਂ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਅਪਣੇ ਉਤੇ ਕੀਤੇ ਹਮਲਿਆਂ ਦਾ ਜ਼ਿਕਰ ਕਰ ਰਹੇ ਹਨ।
ਮੋਦੀ ਨੇ ਕਿਹਾ, ''ਵਗਨਗਰ ਨੇ ਮੈਨੂੰ ਜ਼ਹਿਰ ਪੀਣਾ ਸਿਖਾਇਆ।'' ਉਨ੍ਹਾਂ ਕਾਸ਼ੀ (ਵਾਰਾਣਸੀ) ਵਾਂਗ ਅਪਣੇ ਜਨਮ ਸਥਾਨ ਦੇ ਸ਼ਿਵ ਦੀ ਧਰਤੀ ਹੋਣ ਦਾ ਜ਼ਿਕਰ ਕਰਦਿਆਂ ਇਹ ਕਿਹਾ। ਵਾਰਾਣਸੀ ਉਨ੍ਹਾਂ ਦਾ ਲੋਕ ਸਭਾ ਹਲਕਾ ਹੈ। ਪ੍ਰਧਾਨ ਮੰਤਰੀ ਇਥੇ ਇਕ ਨਵੇਂ ਬਣੇ ਮੈਡੀਕਲ ਕਾਲਾਜ ਦਾ ਉਦਘਾਟਨ ਕਰਨ ਅਤੇ ਇਕ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ
ਕਿਹਾ, ''ਮੈਂ ਅਪਣੀ ਯਾਤਰਾ ਵਡਨਗਰ ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਕਾਸ਼ੀ ਪਹੁੰਚ ਗਿਆ
ਹਾਂ। ਵਡਨਗਰ ਵਾਂਗ ਕਾਸ਼ੀ ਵੀ ਭੋਲੇ ਬਾਬਾ ਦੀ ਨਗਰੀ ਹੈ। ਭੋਲੇ ਬਾਬਾ ਦੇ ਆਸ਼ੀਰਵਾਦ ਨੇ
ਮੈਨੂੰ ਬਹੁਤ ਤਾਕਤ ਦਿਤੀ ਹੈ ਅਤੇ ਇਹੀ ਤਾਕਤ ਇਸ ਧਰਤੀ ਤੋਂ ਮੈਨੂੰ ਮਿਲਿਆ ਸੱਭ ਤੋਂ
ਵੱਡਾ ਤੋਹਫ਼ਾ ਹੈ।
ਭੋਲੇ ਬਾਬਾ ਦੇ ਆਸ਼ੀਰਵਾਦ ਨਾਲ ਮੈਨੂੰ ਜ਼ਹਿਰ ਪੀਣ ਅਤੇ ਉਸ ਨੂੰ ਪਚਾਉਣ
ਦੀ ਤਾਕਤ ਮਿਲੀ। ਇਸੇ ਸਮਰਥਾ ਕਰ ਕੇ ਮੈਂ 2001 ਤੋਂ ਅਪਣੇ ਵਿਰੁਧ ਜ਼ਹਿਰ ਉਗਲਣ ਵਾਲੇ
ਲੋਕਾਂ ਨਾਲ ਨਜਿੱਠ ਸਕਿਆ।'' ਵਡਨਗਰ ਇਕ ਪੁਰਾਣਾ ਸ਼ਹਿਰ ਹੈ ਜਿੱਥੇ ਕਦੇ ਇਕ ਬੌਧ ਮੱਠ
ਹੁੰਦਾ ਸੀ ਅਤੇ ਇੱਥੇ ਸਦੀਆਂ ਪੁਰਾਣਾ ਇਕ ਸ਼ਿਵ ਮੰਦਰ ਹੈ। (ਪੀਟੀਆਈ)