ਲਖਨਊ, 15 ਜਨਵਰੀ : ਬਸਪਾ ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ 'ਹਰ ਹਰ ਮੋਦੀ, ਘਰ ਘਰ ਮੋਦੀ' ਵਾਲੇ ਮੋਦੀ ਜੀ ਇਸ ਵਾਰ ਗੁਜਰਾਤ ਵਿਚੋਂ ਬਾਹਰ ਹੁੰਦੇ-ਹੁੰਦੇ ਮਸਾਂ ਬਚੇ ਹਨ। ਗੁਜਰਾਤ ਵਿਚ ਜੇ ਦਲਿਤਾਂ ਦੀਆਂ 18 ਤੋਂ 20 ਫ਼ੀ ਸਦੀ ਵੋਟਾਂ ਹੁੰਦੀਆਂ ਤਾਂ ਫਿਰ ਉਹ ਵਾਲ-ਵਾਲ ਨਹੀਂ ਬਚ ਸਕਦੇ, ਊਨਾ ਕਾਂਡ ਹੀ ਮੋਦੀ ਨੂੰ ਬੇਘਰ ਕਰ ਦਿੰਦਾ। ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰ ਸੰਵਿਧਾਨ ਅਤੇ ਕਾਨੂੰਨ ਬਦਲਣਾ ਚਾਹੁੰਦੀ ਹੈ। ਉਨ੍ਹਾਂ ਦੀ ਸਰਕਾਰ ਦੇ ਮੰਤਰੀ ਕਹਿੰਦੇ ਹਨ ਕਿ ਦੇਸ਼ ਦਾ ਸੰਵਿਧਾਨ ਬਦਲਿਆ ਜਾਵੇਗਾ ਪਰ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਯੂਪੀ ਅਤੇ ਉਤਰਾਖੰਡ ਵਿਚ ਈਵੀਐਮ ਵਿਚ ਗੜਬੜ ਹੋਣ ਕਾਰਨ ਭਾਜਪਾ ਦੇ ਨੇਤਾ ਬੇਲਗ਼ਾਮ ਹੋ ਗਏ ਹਨ। ਜੇ ਭਾਜਪਾ ਵਾਲੇ ਖ਼ੁਦ ਨੂੰ ਈਮਾਨਦਾਰ ਅਤੇ ਦੁੱਧ-ਧੋਤੇ ਮੰਨਦੇ ਹਨ ਤਾਂ ਫਿਰ ਇਹ ਲੋਕ ਆਉਣ ਵਾਲੀਆਂ ਚੋਣਾਂ ਬੈਲਟ ਪੇਪਰ ਨਾਲ ਕਰਵਾਉਣ ਤੋਂ ਡਰਦੇ ਕਿਉਂ ਹਨ? ਉਨ੍ਹਾਂ ਕਿਹਾ ਕਿ ਜੇ ਬੈਲਟ ਪੇਪਰ ਨਾਲ ਚੋਣਾਂ ਹੋ ਜਾਣ ਤਾਂ ਬੀਜੇਪੀ ਦੁਬਾਰਾ ਸੱਤਾ ਵਿਚ ਨਹੀਂ ਆਵੇਗੀ। ਅਪਣੇ ਜਨਮ ਦਿਨ ਮੌਕੇ ਭਾਜਪਾ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਲੋਕ ਸਭਾ ਚੋਣਾਂ ਵੀ ਕਰਵਾ ਸਕਦੀ ਹੈ। ਮਾਇਆਵਤੀ ਦੇ ਜਨਮ ਦਿਨ ਨੂੰ 'ਜਨ ਕਲਿਆਣਕਾਰੀ ਦਿਵਸ' ਵਜੋਂ ਮਨਾਇਆ ਗਿਆ।
(ਏਜੰਸੀ)