ਮੋਦੀ ਨੇ ਰਾਫ਼ੇਲ ਜਹਾਜ਼ ਖ਼ਰੀਦਣ ਦਾ ਠੇਕਾ ਅਪਣੇ ਦੋਸਤ ਨੂੰ ਦਿਤਾ : ਰਾਹੁਲ

ਖ਼ਬਰਾਂ, ਰਾਸ਼ਟਰੀ

ਬੇਲਾਰੀ, 10 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਟਾਨਕ ਵਿਚ ਚੋਣ ਪ੍ਰਚਾਰ ਮੁਹਿੰਮ ਵਿੱਢ ਦਿਤੀ ਹੈ। ਕਰਨਾਟਕ ਵਿਚ ਇਸ ਸਾਲ ਦੇ ਅੱਧ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚਾਰ ਦਿਨਾ ਦੌਰੇ 'ਤੇ ਇਥੇ ਪੁੱਜੇ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਲੋਕਾਂ ਨੂੰ ਕਿਹਾ, 'ਜੋ ਤੁਹਾਡੇ ਨਾਲ ਝੂਠੇ ਵਾਅਦੇ ਕਰਦੇ ਹਨ, ਝੂਠੇ ਸੁਪਨੇ ਵਿਖਾਉਂਦੇ ਹਨ, ਉਨ੍ਹਾਂ 'ਤੇ ਭਰੋਸਾ ਕਰ ਕੇ ਤੁਹਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਕਾਂਗਰਸ ਪਾਰਟੀ ਜੋ ਕਹਿੰਦੀ ਹੈ, ਉਹ ਕਰ ਕੇ ਵਿਖਾਉਂਦੀ ਹੈ। ਮੋਦੀ ਜੀ ਦੇ ਸ਼ਬਦ ਖੋਖਲੇ ਹਨ। ਉਹ ਜੋ ਕਹਿੰਦੇ ਹਨ, ਕਰਦੇ ਨਹੀਂ।' ਰਾਫ਼ੇਲ ਸੌਦੇ ਬਾਰੇ ਉਨ੍ਹਾਂ ਕਿਹਾ, 'ਮੋਦੀ ਸਰਕਾਰ ਨੇ ਫ਼ਰਾਂਸ ਦੀ ਕੰਪਨੀ ਤੋਂ ਰਾਫ਼ੇਲ ਜਹਾਜ਼ ਖ਼ਰੀਦੇ ਹਨ। ਮੋਦੀ ਜੀ ਪੈਰਿਸ ਗਏ ਅਤੇ ਖ਼ੁਦ ਠੇਕੇ ਵਿਚ ਬਦਲਾਅ ਕੀਤਾ। ਇਸ ਤੋਂ ਪਹਿਲਾਂ ਰਾਫ਼ੇਲ ਦਾ ਠੇਕਾ ਭਾਰਤ ਦੀ ਸਰਕਾਰੀ ਕੰਪਨੀ ਨੂੰ ਦਿਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਠੇਕਾ ਅਪਣਾ ਦੋਸਤ ਨੂੰ ਦੇ ਦਿਤਾ।'