ਮੋਦੀ ਨੇ ਵਿਕਾਸ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਦੇਸ਼ਾਂ ਵਿਚਕਾਰ ਮਜ਼ਬੂਤ ਹਿੱਸੇਦਾਰੀ ਦਾ ਸੱਦਾ ਦਿਤਾ

ਖ਼ਬਰਾਂ, ਰਾਸ਼ਟਰੀ


ਸ਼ਿਆਮਨ, 4 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਦੇਸ਼ਾਂ ਵਿਚਕਾਰ ਮਜ਼ਬੂਤ ਹਿੱਸੇਦਾਰੀ ਦਾ ਅੱਜ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਉਭਰਦੇ ਹੋਏ ਦੇਸ਼ਾਂ ਦੇ ਇਸ ਬਲਾਕ ਨੇ ਸਹਿਯੋਗ ਲਈ ਇਕ ਮਜ਼ਬੂਤ ਢਾਂਚਾ ਵਿਕਸਤ ਕੀਤਾ ਹੈ ਅਤੇ 'ਅਨਿਸ਼ਚਿਤਤਾ ਵਲ ਵਧ ਰਹੀ' ਦੁਨੀਆਂ 'ਚ ਸਥਿਰਤਾ ਲਈ ਯੋਗਦਾਨ ਦਿਤਾ ਹੈ।
ਚੀਨ ਦੇ ਸ਼ਿਆਮਨ ਸ਼ਹਿਰ 'ਚ ਬ੍ਰਿਕਸ ਸ਼ਿਖਰ ਸੰਮੇਲਨ ਦੀ ਪੂਰਨ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਵਪਾਰ ਅਤੇ ਅਰਥਚਾਰਾ ਬ੍ਰਿਕਸ-ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦਖਣੀ ਅਫ਼ਰੀਕਾ ਦੇਸ਼ਾਂ 'ਚ ਸਹਿਯੋਗ ਦਾ ਆਧਾਰ ਹੈ। ਉਨ੍ਹਾਂ ਸੁਝਾਅ ਦਿਤਾ ਕਿ ਆਪਸੀ ਸਹਿਯੋਗ ਵਧਾਉਣ ਲਈ ਕੁੱਝ ਕਦਮ ਚੁੱਕੇ ਜਾ ਸਕਦੇ ਹਨ।
ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੀ ਖ਼ੁਦਮੁਖਤਾਰੀ ਅਤੇ ਕਾਰਪੋਰੇਟ ਕੰਪਨੀਆਂ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬ੍ਰਿਕਸ ਰੇਟਿੰਗ ਏਜੰਸੀ ਬਣਾਈ ਜਾਣ ਦਾ ਵੀ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ ਭਾਰਤ ਅਤੇ ਫ਼ਰਾਂਸ ਵਲੋਂ ਨੰਬਰ 2015 'ਚ ਸ਼ੁਰੂ ਕੀਤੇ ਗਏ ਕੌਮਾਂਤਰੀ ਸੂਰਜੀ ਊਰਜਾ ਗਠਜੋੜ (ਆਈ.ਐਸ.ਏ.) ਨਾਲ ਕੰਮ ਕਰ ਸਕਦੇ ਹਨ।  (ਪੀਟੀਆਈ)