ਮੋਦੀ ਸਰਕਾਰ ਦਾ ਚੌਥਾ ਬਜਟ 'ਜੁਮਲਿਆਂ ਦੀ ਸੁਨਾਮੀ' : ਚਿਦੰਬਰਮ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 8 ਫ਼ਰਵਰੀ : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਚੌਥੇ ਬਜਟ ਨੂੰ 'ਜੁਮਲਿਆਂ ਦੀ ਸੁਨਾਮੀ' ਕਰਾਰ ਦਿੰਦਿਆਂ ਇਸ ਵਿਚ ਕੀਤੇ ਗਏ ਰੁਜ਼ਗਾਰ ਦੇ ਦਾਅਵੇ, ਕਿਸਾਨਾਂ ਦੀ ਉਪਜ ਲਈ ਐਮਐਸਪੀ ਡੇਢ ਗੁਣਾਂ ਕਰਨ ਅਤੇ ਸਿਹਤ ਬੀਮਾ ਯੋਜਨਾ ਨੂੰ ਦੁਨੀਆਂ ਦੇ ਤਿੰਨ ਸੱਭ ਤੋਂ ਵੱਡੇ ਜੁਮਲੇ ਦਸਿਆ। ਰਾਜ ਸਭਾ ਵਿਚ ਬਜਟ 'ਤੇ ਚਰਚਾ ਦੌਰਾਨ ਸੱਤਾਧਿਰ ਦੇ ਮੈਂਬਰਾਂ ਦੇ ਭਾਰੀ ਰੌਲੇ ਵਿਚਾਲੇ ਚਿਦੰਬਰਮ ਨੇ ਸਰਕਾਰ ਵਿਰੁਧ ਬੀਤੇ ਚਾਰ ਸਾਲਾਂ ਵਿਚ ਸਿਰਫ਼ ਜੁਮਲਿਆਂ ਦਾ ਮੀਂਹ ਵਰ੍ਹਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜ਼ਮੀਨ ਉਤੇ ਕੋਈ ਠੋਸ ਕੰਮ ਨਹੀਂ ਹੋਇਆ ਅਤੇ ਅਰਥਚਾਰੇ ਦੀ ਹਾਲਤ ਗੰਭੀਰ ਮਰੀਜ਼ ਜਿਹੀ ਹੋ ਗਈ ਹੈ ਜਿਸ ਦਾ ਡਾਕਟਰ (ਆਰਥਕ ਸਲਾਹਕਾਰ)ਤਾਂ ਚੰਗਾ ਹੈ ਪਰ ਮਰੀਜ਼ ਦੀ ਦੇਖਭਾਲ ਕਰ ਰਹੀ ਸਰਕਾਰ ਡਾਕਟਰ ਦੀ ਸਲਾਹ ਨਹੀਂ ਮੰਨ ਰਹੀ।