ਮੋਦੀ ਸਰਕਾਰ ਦੀ ਦਾਦਾਗਿਰੀ ਹੈ ਕੇਜਰੀਵਾਲ ਦੇ ਘਰ 'ਤੇ ਪੁਲਿਸ ਛਾਪਾ : ਆਪ ਆਗੂ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 24 ਫ਼ਰਵਰੀ (ਨੀਲ ਭਲਿੰਦਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਤੇ ਬਿਨਾਂ ਅਗਾਊਂ ਸੂਚਨਾ ਪੁਲਿਸ ਛਾਪਾਮਾਰੀ ਕਰਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰੀ ਨਰਿੰਦਰ ਮੋਦੀ ਸਰਕਾਰ ਅਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਤਾਨਾਸ਼ਾਹ ਹੋ ਚੁਕੀ ਹੈ। ਮੋਦੀ ਸਰਕਾਰ ਦਾ ਇਹ ਤਾਨਾਸ਼ਾਹ ਰਵਈਆ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ।'ਆਪ' ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਸੂਬਾ ਸਹਿ-ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਜਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ 'ਚ ਕੋਈ ਦਿੱਕਤ-ਪਰੇਸ਼ਾਨੀ ਨਹੀਂ ਕਿ ਪੁਲਿਸ ਉਨ੍ਹਾਂ ਦੀ ਰਿਹਾਇਸ਼ ਉਤੇ ਜਾਂਚ ਲਈ ਜਾਵੇ, ਪਰੰਤੂ ਜਿਸ ਤਰੀਕੇ ਨਾਲ ਬਿਨਾਂ ਕਿਸੇ ਸੂਚਨਾ ਦਿਤੇ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਨੇ ਇਕ ਮੁੱਖ ਮੰਤਰੀ ਦੇ ਘਰ ਜਾ ਕੇ ਛਾਪੇਮਾਰੀ ਕੀਤੀ ਹੈ, ਉਹ ਇਕ ਤਾਨਾਸ਼ਾਹ ਵਲੋਂ ਅਪਣੇ ਸਿਆਸੀ ਵਿਰੋਧੀ ਨੂੰ ਬੇਇੱਜ਼ਤ ਕਰਨ ਵਾਲਾ ਹੋਛਾਪਣ ਹੈ। ਇਹ ਸਰਾਸਰ ਦਾਦਾਗਿਰੀ ਹੈ ਲੇਕਿਨ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਦਾਦਾਗਿਰੀ ਤੋਂ ਡਰੇਗੀ ਨਹੀਂ ਸਗੋਂ ਭਾਜਪਾ ਗਠਜੋੜ ਨੂੰ ਇਸ ਦੀ ਕਰਾਰੀ ਕੀਮਤ ਚੁਕਾਉਣੀ ਪਵੇਗੀ। 

ਭਗਵੰਤ ਮਾਨ ਨੇ ਕਿਹਾ ਕਿ ਇਕ ਅਫ਼ਸਰਸ਼ਾਹ ਵਲੋਂ ਲਗਾਏ ਝੂਠੇ ਅਤੇ ਕਥਿਤ ਦੋਸ਼ ਲਈ ਦਿੱਲੀ ਪੁਲਿਸ ਨੇ ਜਿਸ ਤੇਜ਼ੀ ਨਾਲ ਦੋ ਵਿਧਾਇਕਾਂ ਨੂੰ ਚੁਕ ਕੇ ਜੇਲ ਭੇਜਿਆ ਹੈ ਅਤੇ ਮੁੱਖ ਮੰਤਰੀ ਦੀ ਕੋਠੀ ਉਤੇ ਛਾਪੇਮਾਰੀ ਕੀਤੀ ਹੈ ਉਸ ਨੇ ਜਿਥੇ ਪੁਲਿਸ ਤੰਤਰ 'ਤੇ ਸਵਾਲ ਖੜ੍ਹਾ ਕੀਤਾ ਉੱਥੇ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਆਮ ਲੋਕਾਂ ਦੀਆਂ ਸਹੀ ਸ਼ਿਕਾਇਤਾਂ ਨੂੰ ਰੱਦੀ ਦੀ ਟੋਕਰੀ 'ਚ ਸੁਟਣ ਵਾਲੀ ਪੁਲਿਸ ਮੋਦੀ ਵਰਗੇ ਸਿਆਸੀ ਆਕਾ ਲਈ ਕਿੰਨੀ ਚੁਸਤ ਹੋ ਜਾਂਦੀ ਹੈ।'ਆਪ' ਆਗੂਆਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਪੂਰੀ ਤਰ੍ਹਾਂ ਦੂਹਰੀ ਭੂਮਿਕਾ ਨਿਭਾਈ ਹੈ ਕਿਉਂਕਿ ਦਿੱਲੀ ਸਕੱਤਰੇਤ 'ਚ ਜਿਨ੍ਹਾਂ ਲੋਕਾਂ ਨੇ ਦਿੱਲੀ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਨੁਮਾਇੰਦਿਆਂ ਨਾਲ ਮਾਰਕੁੱਟ ਅਤੇ ਬਦਸਲੂਕੀ ਕੀਤੀ ਉਨ੍ਹਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦਕਿ ਸੀਸੀਟੀਵੀ ਫ਼ੁਟੇਜ ਸਾਹਮਣੇ ਹਨ।