ਮੋਦੀ ਸਰਕਾਰ ਨੇ ਅਰਥ-ਵਿਵਸਥਾ ਦਾ ਭੱਠਾ ਬਿਠਾਇਆ : ਭਗਵੰਤ ਮਾਨ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 26 ਸਤੰਬਰ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬਿਠਾ ਦਿਤਾ ਹੈ।

ਇਕ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਚੰਦ ਕਾਰਪੋਰੇਟ ਘਰਾਣਿਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਅੰਤਾਂ ਦਾ ਵਿੱਤੀ ਲਾਭ ਪਹੁੰਚਾਉਣ ਲਈ ਮੋਦੀ ਮੰਡਲ ਵਲੋਂ ਲਏ ਜਾ ਰਹੇ ਆਪਹੁਦਰੇ ਫ਼ੈਸਲਿਆਂ ਨੇ ਗ਼ਰੀਬ ਹੋਰ ਗ਼ਰੀਬ ਕਰ ਦਿਤੇ ਹਨ। ਨੋਟਬੰਦੀ ਅਤੇ ਜੀਐਸਟੀ ਨੇ ਚੰਗੀ ਭਲੀ ਰੋਟੀ ਕਮਾ ਰਹੇ ਆਮ ਦੁਕਾਨਦਾਰਾਂ ਤੇ ਵਪਾਰੀਆਂ ਦੀ ਰੋਜ਼ੀ ਰੋਟੀ ਹੀ ਦਾਅ 'ਤੇ ਲਗਾ ਦਿਤੀ ਹੈ। ਪ੍ਰਧਾਨ ਮੰਤਰੀ ਦੇ 'ਕੈਸ਼ ਲੈਸ' ਨਾਹਰੇ 'ਤੇ ਵਿਅੰਗ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੋਰ ਤਾਂ ਹੋਰ ਮਾਲੀ ਤੌਰ 'ਤੇ ਸਮਰੱਥ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੀ ਸੱਚੀ-ਸੁੱਚੀ 'ਕੈਸ਼ ਲੈਸ' (ਜੇਬ ਖ਼ਾਲੀ) ਕਰ ਦਿਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਹਰ ਗੱਲ ਵਿਚ ਕੇਂਦਰ ਸਰਕਾਰ ਦਾ ਰੋਣਾ-ਰੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੋਣ ਵਾਅਦੇ ਕਰਨ ਵਾਲੇ ਵੀ ਪੰਜਾਬ ਦੇ ਮਾਲੀ ਸੰਕਟ ਤੋਂ ਭਲੀਭਾਂਤ ਜਾਣੂ ਸਨ।