ਮੋਦੀ ਵਲੋਂ ਅਪਣੇ ਜਨਮ ਦਿਨ ਮੌਕੇ ਨਰਮਦਾ ਬੰਨ੍ਹ ਦਾ ਉਦਘਾਟਨ

ਖ਼ਬਰਾਂ, ਰਾਸ਼ਟਰੀ



ਦਾਭੋਈ, (ਗੁਜਰਾਤ) 17 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਮਦਾ ਨਦੀ 'ਤੇ ਬਣਿਆ ਸਰਦਾਰ ਸਰੋਵਰ ਨਰਮਦਾ ਬੰਨ੍ਹ ਅੱਜ ਦੇਸ਼ ਨੂੰ ਸਮਰਪਿਤ ਕੀਤਾ। ਮੋਦੀ ਨੇ ਪਿਛਲੇ ਸੱਤ ਦਹਾਕਿਆਂ ਵਿਚ ਇਸ ਪ੍ਰਾਜੈਕਟ ਦੇ ਰਾਹ ਵਿਚ ਪਏ ਤਮਾਮ ਅੜਿੱਕਿਆਂ ਦਾ ਜ਼ਿਕਰ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਪ੍ਰਾਜੈਕਟ ਨਵੇਂ ਭਾਰਤ ਦੇ ਨਿਰਮਾਣ ਵਿਚ ਸਵਾ ਸੌ ਕਰੋੜ ਭਾਰਤ ਵਾਸੀਆਂ ਲਈ ਪ੍ਰੇਰਨਾ ਦਾ ਕੰਮ ਕਰੇਗਾ।

ਮੋਦੀ ਨੇ ਅੱਜ ਅਪਣੇ ਜਨਮ ਦਿਨ ਮੌਕੇ ਇਸ ਬੰਨ੍ਹ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਿਤ ਕਰਨ ਤੋਂ ਬਾਅਦ ਹੋਈ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਸ਼ਵ ਬੈਂਕ ਸਮੇਤ ਕਈ ਧਿਰਾਂ ਨੇ ਸਰਦਾਰ ਸਰੋਵਰ ਬੰਨ੍ਹ ਪ੍ਰਾਜੈਕਟ ਦੇ ਰਾਹ ਵਿਚ ਅੜਿੱਕੇ ਖੜੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਰ ਉਸ ਆਦਮੀ ਦਾ ਕੱਚਾ ਚਿੱਠਾ ਹੈ ਜਿਸ ਕਾਰਨ ਇਸ ਪ੍ਰਾਜੈਕਟ ਦੇ ਸਿਰੇ ਚੜ੍ਹਨ ਵਿਚ ਦੇਰ ਹੋਈ। ਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਆਇਆ ਜਦ ਵਿਸ਼ਵ ਬੈਂਕ ਨੇ ਇਸ ਪ੍ਰਾਜੈਕਟ ਲਈ ਕਰਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਉਹ ਦੋ ਵਿਅਕਤੀਆਂ ਦੇ ਧਨਵਾਦੀ ਹਨ-ਸਰਦਾਰ ਵੱਲਭ ਭਾਈ ਪਟੇਲ ਅਤੇ ਬਾਬਾ ਸਾਹਿਬ ਅੰਬੇਦਕਰ।

ਉਨ੍ਹਾਂ ਕਿਹਾ, 'ਭਾਰਤ ਦੇ ਲੋਹ ਪੁਰਸ਼ ਦੀ ਆਤਮਾ ਅੱਜ ਜਿਥੇ ਵੀ ਹੋਵੇਗੀ, ਉਹ ਸਾਡੇ ਉਤੇ ਆਸ਼ੀਰਵਾਦ ਦੀ ਵਰਖਾ ਕਰ ਰਹੀ ਹੋਵੇਗੀ।'  ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੂਰਦ੍ਰਿਸ਼ਟੀ ਨਾਲ ਗੁਜਰਾਤ ਖੇਤਰ ਵਿਚ ਸਿੰਜਾਈ ਅਤੇ ਜਲ ਸੰਕਟ ਨੂੰ ਵੇਖਦਿਆਂ ਨਰਮਦਾ 'ਤੇ ਬੰਨ੍ਹ ਬਣਾਉਣ ਬਾਰੇ ਸੋਚਿਆ ਸੀ। ਮੋਦੀ ਨੇ ਕਿਹਾ ਕਿ ਅੰਬੇਦਕਰ ਨੇ ਮੰਤਰੀ ਪਰਿਸ਼ਦ ਵਿਚ ਰਹਿੰਦਿਆਂ ਦੇਸ਼ ਦੇ ਵਿਕਾਸ ਲਈ ਤਮਾਮ ਯੋਜਨਾਵਾਂ ਬਾਰੇ ਸੋਚਿਆ ਸੀ। ਜੇ ਦੋਵੇਂ ਮਹਾਪੁਰਸ਼ ਜ਼ਿਆਦਾ
ਸਮੇਂ ਤਕ ਜਿਊਂਦੇ ਰਹਿੰਦੇ ਤਾਂ ਦੇਸ਼ ਨੂੰ ਉਨ੍ਹਾਂ ਦੀ ਪ੍ਰਤਿਭਾ ਦਾ ਹੋਰ ਵੀ ਲਾਭ ਮਿਲਦਾ। ਉਨ੍ਹਾਂ ਦਸਿਆ ਕਿ ਇਹ ਬੰਨ੍ਹ ਆਧੁਨਿਕ ਇੰਜਨੀਅਰਿੰਗ ਮਾਹਰਾਂ ਲਈ ਬੇਹੱਦ ਅਹਿਮ ਵਿਸ਼ਾ ਹੋਵੇਗਾ। ਨਾਲ ਹੀ ਇਹ ਦੇਸ਼ ਦੀ ਤਾਕਤ ਦਾ ਵੀ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਲੋਕਾਂ ਨੇ ਅਪਣੇ ਵਲੋਂ ਪੈਸਾ ਦਿਤਾ ਅਤੇ ਨਰਮਦਾ ਮਾਤਾ ਕਾਰਨ ਗੁਜਰਾਤ ਦੇ ਮੰਦਰਾਂ ਨੇ ਵੀ ਇਸ ਲਈ ਦਾਨ ਦਿਤਾ। ਇਹ ਬੰਨ੍ਹ ਭਾਰਤ ਦੇ ਲੋਕਾਂ ਦੇ ਪਸੀਨੇ ਦੀ ਕਮਾਈ ਨਾਲ ਬਣਿਆ ਹੈ।

     ਮੋਦੀ ਨੇ ਕਿਹਾ ਕਿ ਦੇਸ਼ ਵਾਸੀ ਜੇ ਕੁੱਝ ਠਾਣ ਲੈਣ ਤਾਂ ਕੋਈ ਵੀ ਚੁਨੌਤੀ ਉਨ੍ਹਾਂ ਲਈ ਚੁਨੌਤੀ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਜਿਸ ਵਿਸ਼ਵ ਬੈਂਕ ਨੇ ਗੁਜਰਾਤ ਨੂੰ ਨਰਮਦਾ ਬੰਨ੍ਹ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਸੀ, ਉਸੇ ਵਿਸ਼ਵ ਬੈਂਕ ਨੇ 2001 ਵਿਚ ਗੁਜਰਾਤ ਦੇ ਕੱਛ ਵਿਚ ਹੋਏ ਹਰ ਕੰਮ ਲਈ ਰਾਜ ਨੂੰ ਗ੍ਰੀਨ ਐਵਾਰਡ ਨਾਲ ਸਨਮਾਨਿਆ।  ਉਨ੍ਹਾਂ ਕਿਹਾ ਕਿ ਜਦ ਜਦ ਨਰਮਦਾ ਨਦੀ ਦਾ ਸਨਮਾਨ ਕਰਨ ਵਾਲੀਆਂ ਸਰਕਾਰਾਂ ਆਈਆਂ ਤਾਂ ਕੰਮ ਤੇਜ਼ ਹੁੰਦਾ ਗਿਆ ਤੇ ਬਾਕੀ ਸਮਾਂ ਕੰਮ ਢਿੱਲਾ ਰਿਹਾ। ਪ੍ਰਧਾਨ ਮੰਤਰੀ ਨੇ ਨਰਮਦਾ ਕੋਲ ਬਣਨ ਵਾਲੀ ਸਰਦਾਰ ਪਟੇਲ ਦੀ 182 ਮੀਟਰ ਉੱਚੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ 'ਚ ਸੈਰ ਸਪਾਟਾ ਵਧੇਗਾ।

ਸਰਕਾਰ ਦਾ ਦਾਅਵਾ ਹੈ ਕਿ ਇਸ ਪ੍ਰਾਜੈਕਟ ਨਾਲ 18 ਲੱਖ ਹੈਕਟੇਅਰ ਜ਼ਮੀਨ ਨੂੰ ਲਾਭ ਮਿਲੇਗਾ ਅਤੇ ਨਰਮਦਾ ਤੋਂ ਨਹਿਰਾਂ ਜ਼ਰੀਏ 9,000 ਪਿੰਡਾਂ ਵਿਚ ਸਿੰਜਾਈ ਕੀਤੀ ਜਾ ਸਕੇਗੀ। ਮੋਦੀ ਨੇ ਕਿਹਾ ਕਿ ਇਹ ਬੰਨ੍ਹ ਪ੍ਰਾਜੈਕਟ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੇ ਕਰੋੜਾਂ ਕਿਸਾਨਾਂ ਦੀ ਕਿਸਮਤ ਬਦਲੇਗਾ। ਸਰਦਾਰ ਸਰੋਵਰ ਡੈਮ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਬੰਨ੍ਹ ਹੈ। ਪੰਡਤ ਜਵਾਹਰ ਲਾਲ ਨਹਿਰੂ ਨੇ ਕਰੀਬ ਛੇ ਦਹਾਕੇ ਪਹਿਲਾਂ 15 ਅਪ੍ਰੈਲ 1961 ਨੂੰ ਬੰਨ੍ਹ ਦਾ ਨੀਂਹ ਪੱਥਰ ਰਖਿਆ ਗਿਆ ਸੀ। ਡੈਮ 'ਚ ਵਰਤੀ ਗਈ ਕੰਕਰੀਟ ਦੀ ਮਾਤਰਾ ਦੇ ਮਾਮਲੇ ਵਿਚ ਇਹ ਸੱਭ ਤੋਂ ਵੱਡਾ ਡੈਮ ਹੈ।

ਇਹ ਭਾਰਤ ਦਾ ਤੀਜਾ ਸੱਭ ਤੋਂ ਉੱਚਾ ਕੰਕਰੀਟ ਡੈਮ ਹੈ। 1.2 ਕਿਲੋਮੀਟਰ ਲੰਮਾ ਡੈਮ 1.63 ਮੀਟਰ ਡੂੰਘਾ ਹੈ। ਡੈਮ ਦਾ ਹਰ ਗੇਟ 450 ਟਨ ਤੋਂ ਉਪਰ ਦਾ ਹੈ ਅਤੇ ਸਾਰੇ ਗੇਟ ਬੰਦ ਕਰਨ ਨੂੰ ਇਕ ਘੰਟਾ ਲੱਗ ਜਾਂਦਾ ਹੈ। ਡੈਮ ਤੋਂ ਪੈਦਾ ਹੋਣ ਵਾਲੀ ਬਿਜਲੀ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਵੰਡੀ ਜਾਵੇਗੀ। ਇਹ ਡੈਮ ਹੁਣ ਤਕ ਦੋ ਪਾਵਰ ਹਾਊਸਾਂ ਤੋਂ 4141 ਕਰੋੜ ਯੂਨਿਟ ਬਿਜਲੀ ਪੈਦਾ ਕਰ ਚੁਕਾ ਹੈ ਅਤੇ 16,000 ਕਰੋੜ ਦੀ ਕਮਾਈ ਕਰ ਚੁਕਾ ਹੈ ਜੋ ਇਸ ਦੇ ਉਸਾਰੀ ਖ਼ਰਚੇ ਤੋਂ ਦੁਗਣੀ ਹੈ। (ਏਜੰਸੀ)