ਮੋਦੀ ਵਜ਼ਾਰਤ 'ਚ ਰੱਦੋਬਦਲ ਭਲਕੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 1 ਸਤੰਬਰ : ਪ੍ਰਧਾਨ ਮੰਤਰੀ ਨÎਰਿੰਦਰ ਮੋਦੀ ਅਪਣੀ ਵਜ਼ਾਰਤ ਵਿਚ ਐਤਵਾਰ ਨੂੰ ਫੇਰਬਦਲ ਕਰਨਗੇ। ਇਸ ਸਬੰਧੀ ਰਾਸ਼ਟਰਪਤੀ ਭਵਨ ਵਿਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਹੁੰ ਚੁੱਕ ਸਮਾਗਮ ਸਵੇਰੇ 10 ਵਜੇ ਹੋਵੇਗਾ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਜਿਥੇ ਵਜ਼ਾਰਤ ਵਿਚ ਕੁੱਝ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਉਸ ਦੇ ਨਾਲ ਹੀ ਪੁਰਾਣਿਆਂ ਵਿਚੋਂ ਕੁੱਝ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਪਤਾ ਲੱਗਾ ਹੈ ਕਿ ਚਾਰ ਛੋਟੇ ਮੰਤਰੀਆਂ ਜਿਨ੍ਹਾਂ ਵਿਚ ਰਾਜੀਵ ਪ੍ਰਤਾਪ ਰੂਡੀ, ਸੰਜੀਵ ਕੁਮਾਰ ਬਲਿਆਣ, ਫੱਗਣ ਸਿੰਘ ਘੁੱਲਸਤੇ ਅਤੇ ਮਹਿੰਦਰ ਨਾਥ ਪਾਂਡੇ ਨੇ ਅਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਭੇਜ ਦਿਤਾ ਹੈ ਅਤੇ ਇਸ ਤੋਂ ਇਲਾਵਾ ਦੋ ਸੀਨੀਅਰ ਮੰਤਰੀ ਉਮਾ ਭਾਰਤੀ ਅਤੇ ਕਲਰਾਜ ਮਿਸ਼ਰਾ ਨੇ ਵੀ ਅਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਸ਼ਾਮ ਨੂੰ ਰੁਜ਼ਗਾਰ ਮੰਤਰੀ ਬੰਡਾਰੂ ਦਤਾਰਿਆ ਨੇ ਵੀ ਅਪਣਾ ਅਤਸੀਫ਼ਾ ਦੇ ਦਿਤਾ। ਸੂਤਰਾਂ ਮੁਤਾਬਕ ਘੱਟੋ-ਘੱਟ ਅੱਠ ਮੰਤਰੀਆਂ ਨੇ ਅਸਤੀਫ਼ੇ ਦੇ ਦਿਤੇ ਹਨ।  ਉਮਾ ਭਾਰਤੀ ਨੇ ਕਿਹਾ ਕਿ ਅਖ਼ਬਾਰਾਂ ਵਿਚ ਉਨ੍ਹਾਂ ਦੇ ਅਸਤੀਫ਼ੇ ਬਾਰੇ ਖ਼ਬਰਾਂ ਛਪ ਰਹੀਆਂ ਹਨ ਪਰ ਉਨ੍ਹਾਂ ਇਸ ਸਬੰਧ ਵਿਚ ਕਿਸੇ ਵੀ ਸਵਾਲ ਦੇ ਜਵਾਬ ਨਹੀਂ ਦੇਣਾ।
ਦਸਣਯੋਗ ਹੈ ਕਿ ਅਮਿਤ ਸ਼ਾਹ ਕਲ ਪ੍ਰਧਾਨ ਨਰਿੰਦਰ ਮੋਦੀ ਨੂੰ ਮਿਲੇ ਸੀ ਅਤੇ ਉਨ੍ਹਾਂ ਨੇ ਵਜ਼ਾਰਤ ਵਿਚ ਹੋਣ ਵਾਲੇ ਫੇਰਬਦਲ ਬਾਰੇ ਵਿਚਾਰ ਵਟਾਂਦਰਾ ਕੀਤਾ। ਜਿਹੜੇ ਨਵੇਂ ਚਿਹਰਿਆਂ ਦੇ ਵਜ਼ਾਰਤ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਭੁਪਿੰਦਰ ਯਾਦਵ, ਵਿਨੈ ਸ਼ਾਹਸਰਾ ਬੁੱਧੇ, ਪ੍ਰਲਾਹਦ ਪਟੇਲ, ਸੁਰੇਸ਼ ਅੰਗਦੀ, ਸਤਿਆ ਪਾਲ ਸਿੰਘ ਅਤੇ ਪ੍ਰਲਾਹਦ ਜੋਸ਼ੀ ਦਾ ਨਾਂ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟਡ ਦੇ ਕੁੱਝ ਸੰਸਦ ਮੈਂਬਰਾਂ ਵਲੋਂ ਵੀ ਵਜ਼ਾਰਤ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਆਰ.ਸੀ.ਪੀ. ਸਿੰਘ, ਸੰਤੋਸ਼ ਕੁਮਾਰ ਦਾ ਨਾਮ ਲਿਆ ਜਾ ਰਿਹਾ ਹੈ।  ਬੀਤੇ ਦਿਨ ਏ.ਆਈ.ਏ. ਡੀ.ਐਮ.ਕੇ. ਦੇ ਆਗੂ ਥੰਬੀ ਦਰਾਈ ਵੀ ਅਮਿਤ ਸ਼ਾਹ ਨੂੰ ਮਿਲੇ ਸਨ ਪਰ ਹਾਲੇ ਤਕ ਇਹ ਨਹੀਂ ਪਤਾ ਲਗਿਆ ਕਿ ਉਨ੍ਹਾਂ ਦੀ ਪਾਰਟੀ ਵਜ਼ਾਰਤ ਵਿਚ ਸ਼ਾਮਲ ਹੋਵੇਗੀ ਜਾਂ ਨਹੀਂ ਜੇਕਰ ਵਜ਼ਾਰਤ ਸ਼ਾਮਲ ਹੁੰਦੀ ਹੈ ਤਾਂ ਪੀ. ਵਿਨੂੰ ਗੋਪਾਲ ਅਤੇ ਵੀ ਮੇਤਰਾਇਆਨ ਸਹੁੰ ਚੁੱਕ ਸਕਦੇ ਹਨ। ਇਸ ਵੇਲੇ ਪ੍ਰਧਾਨ ਮੰਤਰੀ ਸਮੇਤ ਮੰਤਰੀਆਂ ਦੀ ਗਿਣਤੀ 73 ਹੈ ਜਦਕਿ ਇਹ ਕਿਸੇ ਵੀ ਸੂਰਤ ਵਿਚ 81 ਤੋਂ ਵੱਧ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਕਿ ਵਜ਼ਾਰਤ ਵਿਚ ਕੁੱਝ ਹੋਰ ਮੰਤਰੀ ਲਏ ਜਾ ਸਕਦੇ ਹਨ।
ਕੈਬਨਿਟ ਵਿਸਤਾਰ ਦੇ ਮੱਦੇਨਜ਼ਰ ਅੱਜ ਸਾਰਾ ਦਿਨ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਵਰਿੰਦਾਵਨ 'ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੀ ਵੀ ਬੈਠਕ ਹੋਈ ਜਿਸ 'ਚ ਮੋਹਨ ਭਾਗਵਤ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ।
ਕੁੱਝ ਮੰਤਰੀਆਂ ਕੋਲ ਕਈ ਕਈ ਮਹਿਕਮੇ ਵਜ਼ਾਰਤ ਵਿਚ ਕਈ ਮੰਤਰੀਆਂ ਕੋਲੇ ਦੋ-ਦੋ ਜਾਂ ਤਿੰਨ-ਤਿੰਨ ਮਹਿਕਮਿਆਂ ਦਾ ਚਾਰਜ ਹੈ ਜਿਵੇਂ ਅਰੁਣ ਜੇਤਲੀ ਕੋਲ ਵਿੱਤ ਮੰਤਰਾਲੇ ਤੋਂ ਇਲਾਵਾ ਰਖਿਆ ਮੰਤਰਾਲਾ ਵੀ ਹੈ ਅਤੇ ਇਸੇ ਤਰ੍ਹਾਂ ਦੀ ਅਰਸ਼ਵਰਧਨ, ਸਮਰਿਤੀ ਈਰਾਨੀ ਅਤੇ ਨਰਿੰਦਰ ਸਿੰਘ ਤੋਮਰ ਵੀ ਇਕ ਤੋਂ ਵੱਧ ਮਹਿਕਮਿਆਂ ਦੇ ਮੰਤਰੀ ਹਨ।