ਮੁੰਬਈ, 20
ਸਤੰਬਰ: ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਅੱਜ ਦੂਜੇ ਦਿਨ ਵੀ ਭਾਰੀ ਮੀਂਹ ਪਿਆ,
ਜਿਸ ਕਰ ਕੇ ਹਵਾਈ ਸੇਵਾਵਾਂ 'ਚ ਵੱਡੇ ਪੱਧਰ 'ਤੇ ਰੁਕਾਵਟ ਪਈ। ਮਹਾਂਨਗਰ 'ਚ ਰੇਲਗੱਡੀਆਂ
ਵੀ ਅਪਣੇ ਸਮੇਂ ਤੋਂ ਦੇਰ ਨਾਲ ਚਲ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਲੋਕ ਘਰਾਂ ਅੰਦਰ ਹੀ
ਰਹਿਣ ਲਈ ਮਜਬੂਰ ਹੋ ਗਏ।
ਹਾਲਾਂਕਿ ਮੀਂਹ ਕਰ ਕੇ ਕਿਸੇ ਦੀ ਮੌਤ ਹੋਣ ਜਾਂ ਜਾਇਦਾਦ ਨੂੰ ਕੋਈ ਵੱਡਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਪਰ ਭਾਰੀ ਮੀਂਹ ਦੇ ਮੱਦੇਨਜ਼ਰ ਮੁੰਬਈ ਮਹਾਂਨਗਰ ਖੇਤਰ 'ਚ ਸਕੂਲ ਅਤੇ ਕਾਲਜ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮਹਾਂਨਗਰ ਰੇਲਵੇ ਦੀ ਆਵਜਾਈ 'ਚ ਰੁਕਾਵਟ ਕਰ ਕੇ ਮੁੰਬਈ ਦੇ ਡੱਬੇ ਵਾਲਿਆਂ ਨੇ ਅੱਜ ਅਪਣੀਆਂ ਸੇਵਾਵਾਂ ਮੁਅੱਤਲ ਕਰ ਦਿਤੀਆਂ। ਇਹ ਲੋਕ ਦਫ਼ਤਰਾਂ 'ਚ ਭੋਜਨ ਦੇ ਲਗਭਗ ਦੋ ਲੱਖ ਡੱਬੇ ਪਹੁੰਚਾਉਂਦੇ ਹਨ।
ਬੀ.ਐਮ.ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਦਖਣੀ ਮੁੰਬਈ, ਬੋਰੀਵਲੀ, ਕਾਂਦੀਵਲੀ, ਅੰਧੇਰੀ ਅਤੇ ਭਾਂਡੁਪ ਸਮੇਤ ਮਹਾਂਨਗਰ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ। ਹਾਲਾਂਕਿ ਸ਼ਹਿਰ ਦੇ ਕਿਸੇ ਵੀ ਹਿੱਸੇ 'ਚ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ।
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਹਵਾਈ
ਅੱਡੇ ਉਤੇ ਜਹਾਜ਼ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਭਾਰੀ ਮੀਂਹ ਅਤੇ ਸਪਾਇਸ
ਜੈੱਟ ਦੇ ਇਕ ਜਹਾਜ਼ ਦੇ ਫਿਸਲ ਕੇ ਚਿੱਕੜ 'ਚ ਚਲੇ ਜਾਣ ਮਗਰੋਂ ਮੁੱਖ ਹਵਾਈ ਪੱਟੀ ਦੇ ਬੰਦ
ਹੋਣ 'ਤੇ ਅੱਜ ਸਵੇਰੇ ਤਕ 108 ਉਡਾਨਾਂ ਰੱਦ ਕਰ ਦਿਤੀਆਂ ਗਈਆਂ ਅਤੇ ਹੋਰ 51 ਨੂੰ ਨੇੜੇ
ਹਵਾਈ ਅੱਡੇ ਅੱਡਿਆਂ ਉਤੇ ਭੇਜ ਦਿਤਾ ਗਿਆ। ਹਵਾਈ ਪੱਟੀ ਨੂੰ ਮੁੜ ਚਾਲੂ ਕਰਨ ਦੀਆਂ
ਕੋਸ਼ਿਸ਼ਾਂ ਜਾਰੀ ਹਨ। ਮੁੰਬਈ ਹਵਾਈ ਅੱਡਾ ਦੇਸ਼ ਦਾ ਦੂਜਾ ਸੱਭ ਤੋਂ ਜ਼ਿਆਦਾ ਆਵਾਜਾਈ ਵਾਲਾ
ਹਵਾਈ ਅੱਡਾ ਹੈ ਜਿੱਥੋਂ 930 ਹਵਾਈ ਜਹਾਜ਼ ਰੋਜ਼ ਉਡਾਨ ਭਰਦੇ ਹਨ।
ਮੌਸਮ ਵਿਭਾਗ
ਅਨੁਸਾਰ ਕਲ ਸਵੇਰੇ ਸਾਢੇ ਅੱਠ ਵਜੇ ਤੋਂ ਰਾਤ ਸਾਢੇ 11 ਵਜੇ ਤਕ ਕੋਲਾਬਾ 'ਚ 225.3
ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਸਾਂਤਾ ਕਰੂਜ਼ 'ਚ 303.7 ਮਿਲੀਮੀਟਰ ਮੀਂਹ ਦਰਜ
ਕੀਤਾ ਗਿਆ।
ਮੁੰਬਈ ਪੁਲਿਸ ਨੇ ਰਾਤ ਗਿਆਰਾਂ ਵਜ ਕੇ ਤਿੰਨ ਮਿੰਟ 'ਤੇ ਅਤੇ ਸ਼ਾਮ ਛੇ
ਵਜ ਕੇ ਚਾਰ ਮਿੰਟ 'ਤੇ ਉੱਚ ਜਵਾਰ ਦੀ ਚੇਤਾਵਨੀ ਵੀ ਦਿਤੀ ਹੈ। ਹੋਰ ਮੀਂਹ ਦੀ ਭਵਿੱਖਬਾਣੀ
ਕਰ ਕੇ ਮਛੇਰਿਆਂ ਨੂੰ ਡੂੰਘੇ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿਤੀ ਗਈ ਹੈ।
(ਪੀਟੀਆਈ)