ਮੁਗਲਾਂ ਨੂੰ ਪਾਠਕ੍ਰਮ 'ਚੋਂ ਹਟਾਇਆ ਜਾਵੇਗਾ : ਯੂ.ਪੀ. ਦੇ ਉਪ ਮੁੱਖ ਮੰਤਰੀ

ਖ਼ਬਰਾਂ, ਰਾਸ਼ਟਰੀ



ਜੌਨਪੁਰ, 13 ਸਤੰਬਰ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਹੈ ਕਿ ਮੁਗਲ ਸ਼ਾਸਕ ਸਾਡੇ ਪੂਰਵਜ ਨਹੀਂ ਬਲਕਿ ਲੁਟੇਰੇ ਸਨ ਅਤੇ ਹੁਣ ਇਹੀ ਇਤਿਹਾਸ ਲਿਖਿਆ ਜਾਵੇਗਾ। ਸੂਬਾ ਸਰਕਾਰ ਇਸ ਲਈ ਪਾਠਕ੍ਰਮ 'ਚ ਤਬਦੀਲੀ ਵੀ ਕਰੇਗੀ।

ਸ਼ਰਮਾ ਨੇ ਸਾਬਕਾ ਮੰਤਰੀ ਉਮਾਨਾਥ ਸਿੰਘ ਦੀ 23ਵੀਂ ਬਰਸੀ ਮੌਕੇ ਹੋਏ ਇਕ ਪ੍ਰੋਗਰਾਮ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਜਿਨ੍ਹਾਂ ਮੁਗਲ ਸ਼ਾਸਕਾਂ ਨੇ ਗ਼ਲਤ ਕੰਮ ਕੀਤੇ ਹਨ ਅਸੀ ਉਨ੍ਹਾਂ ਨੂੰ ਲੁਟੇਰੇ ਮੰਨਦੇ ਹਾਂ। ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ ਉਨ੍ਹਾਂ ਦੀ ਅਸੀ ਤਾਰੀਫ਼ ਕਰਦੇ ਹਾਂ। ਬਾਬਰ ਅਤੇ ਔਰੰਗਜ਼ੇਬ ਲੁਟੇਰੇ ਸਨ। ਸ਼ਾਹਜਹਾਂ ਹੱਥ ਕੱਟਣ ਵਾਲਾ ਸੀ। ਜਦਕਿ ਮੰਗਲ ਪਾਂਡੇ ਨੇ ਜਦੋਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਤਾਂ ਬਹਾਦੁਰ ਸ਼ਾਹ ਜ਼ਫ਼ਰ ਨੇ ਇਸ ਦੀ ਹਮਾਇਤ ਕੀਤੀ ਸੀ। ਇਸ ਲਈ ਅਸੀ ਉਸ ਦਾ ਕੋਈ ਵਿਰੋਧ ਨਹੀਂ ਕਰਦੇ।''

ਉਨ੍ਹਾਂ ਨਾਲ ਹੀ ਕਿਹਾ ਕਿ ਉਹ ਸਾਰੇ ਧਰਮਾਂ ਦਾ ਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੂਜਾ ਕਰਨ ਦੇ ਨਾਲ ਮਜ਼ਾਰ, ਗੁਰਦਵਾਰੇ ਅਤੇ ਗਿਰਜਾ ਘਰ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਠਕ੍ਰਮ 'ਚ ਅਪਣੇ ਹਿਸਾਬ ਨਾਲ 30 ਫ਼ੀ ਸਦੀ ਤਕ ਤਬਦੀਲੀਆਂ ਕਰਨਗੇ ਅਤੇ ਅਕਬਰ ਨੇ ਜੇ ਚੰਗੇ ਕੰਮ ਕੀਤੇ ਹੋਣਗੇ ਤਾਂ ਉਹ ਇਤਿਹਾਸ ਦੇ ਪੰਨਿਆਂ 'ਚ ਰਹਿਣਗੇ। ਸ਼ਰਮਾ ਨੇ ਕਿਹਾ ਕਿ ਬਹਾਦੁਰ ਸ਼ਾਹ ਜ਼ਫ਼ਰ ਚੰਗੇ ਮੁਗਲ ਸ਼ਾਸਕ ਸਨ ਜਿਸ ਕਰ ਕੇ ਹੀ ਨਰਿੰਦਰ ਮੋਦੀ ਮਿਆਂਮਾਰ 'ਚ ਉਨ੍ਹਾਂ ਦੀ ਮਜ਼ਾਰ ਤੇ ਗਏ ਸਨ।  (ਪੀਟੀਆਈ)