ਮੁਕਾਬਲੇ ਦੌਰਾਨ ਅਤਿਵਾਦੀ ਨੇ ਹਥਿਆਰ ਸੁੱਟੇ

ਖ਼ਬਰਾਂ, ਰਾਸ਼ਟਰੀ



ਸ੍ਰੀਨਗਰ, 10 ਸਤੰਬਰ : ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਕਲ ਸ਼ਾਮ ਹੋਏ ਮੁਕਾਬਲੇ ਦੌਰਾਨ ਇਕ ਅਤਿਵਾਦੀ ਨੇ ਅੱਜ ਆਤਮਸਮਰਪਣ ਕਰ ਦਿਤਾ। ਹਾਲੀਆ ਮਹੀਨਿਆਂ ਵਿਚ ਇਹ ਪਹਿਲੀ ਘਟਨਾ ਹੈ ਜਦ ਕਿਸੇ ਅਤਿਵਾਦੀ ਨੇ ਮੁਕਾਬਲੇ ਦੌਰਾਨ ਅਪਣੇ ਹਥਿਆਰ ਸੁੱਟੇ ਹਨ। ਪੁਲਿਸ ਨੇ ਦਸਿਆ ਕਿ ਅਤਿਵਾਦੀ ਦੀ ਪਛਾਣ ਆਦਿਲ ਵਜੋਂ ਹੋਈ ਹੈ। ਉਹ ਇਸ ਸਾਲ ਮਈ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਇਆ ਸੀ। ਉਸ ਨੇ ਚਾਰੇ ਪਾਸਿਉਂ ਘੇਰਾ ਪੈਣ ਮਗਰੋਂ ਆਤਮਸਮਰਪਣ ਕਰ ਦਿਤਾ।

ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨੂੰ ਮਾਰਿਆ ਨਹੀਂ ਜਾਵੇਗਾ ਜਿਸ ਤੋਂ ਬਾਅਦ ਉਹ ਮਕਾਨ ਦੇ ਮਲਬੇ ਵਿਚੋਂ ਬਾਹਰ ਆਇਆ ਅਤੇ ਪੁਲਿਸ ਅਧਿਕਾਰੀਆਂ ਸਾਹਮਣੇ ਅਪਣੀ ਏ ਕੇ 47 ਰਾਈਫ਼ਲ ਰੱਖ ਦਿਤੀ। ਉਨ੍ਹਾਂ ਦਸਿਆ ਕਿ ਆਦਿਲ ਸ਼ੋਪੀਆਂ ਦੇ ਚਿਟੀਪੋਰਾ ਦਾ ਵਾਸੀ ਹੈ। ਉਸ ਨੂੰ ਤੁਰਤ ਉਥੋਂ ਦੂਰ ਲਿਜਾਇਆ ਗਿਆ। ਮੁਕਾਬਲੇ ਵਾਲੀ ਥਾਂ ਤੋਂ ਇਕ ਹੋਰ ਅਤਿਵਾਦੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਤਾਰਿਕ ਅਹਿਮਦ ਡਾਰ ਵਜੋਂ ਹੋਈ ਹੈ। ਉਹ ਕਈ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ।

ਸੂਬੇ ਦੇ ਡੀਜੀਪੀ ਐਸ ਪੀ ਵੈਦਯ ਨੇ ਪਹਿਲਾਂ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਹਥਿਆਰ ਚੁਕੇ ਹਨ, ਉਹ ਆਤਮਸਮਰਪਣ ਕਰ ਸਕਦੇ ਹਨ ਅਤੇ ਸਰਕਾਰ ਉਨ੍ਹਾਂ ਦਾ ਖ਼ਿਆਲ ਰੱਖੇਗੀ। ਪੁਲਿਸ ਨੂੰ ਉਥੇ ਅਤਿਵਾਦੀਆਂ ਦੇ ਹੋਣ ਦੀ ਖ਼ਬਰ ਮਿਲੀ ਸੀ। ਜਦ ਪੁਲਿਸ ਤਲਾਸ਼ੀ ਲੈ ਰਹੀ ਸੀ ਤਾਂ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ।  (ਏਜੰਸੀ)