ਸ੍ਰੀਨਗਰ, 14 ਅਕਤੂਬਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਤੜਕੇ ਸੁਰੱਖਿਆ ਦਸਤਿਆਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਸਿਖਰਲਾ ਕਮਾਂਡਰ ਵਸੀਮ ਸ਼ਾਹ ਅਪਣੇ ਇਕ ਹੋਰ ਸਾਥੀ ਨਾਲ ਮਾਰਿਆ ਗਿਆ।
23 ਸਾਲਾਂ ਦੇ ਸ਼ਾਹ ਜਿਸ ਨੂੰ ਅਸੂ ਓਸਾਮਾ ਭਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ, ਪੁਲਵਾਮਾ ਦੇ ਲਿਟਰ ਇਲਾਕੇ ਵਿਚ ਲੁਕਿਆ ਹੋਇਆ ਸੀ। ਪਿਛਲੇ ਚਾਰ ਸਾਲਾਂ ਦੌਰਾਨ ਇਸ ਇਲਾਕੇ ਵਿਚ ਪਹਿਲੀ ਵਾਰ ਪੁਲਿਸ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਲਿਟਰ ਇਲਾਕੇ ਵਿਚ ਸ਼ਾਹ ਦੇ ਲੁਕੇ ਹੋਏ ਹੋਣ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਇਲਾਕੇ ਨੂੰ ਘੇਰ ਲਿਆ। ਸ਼ਾਹ ਅਤੇ ਉਸ ਦੇ ਸਾਥੀ ਨੇ ਮੌਕੇ 'ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾਹੋਏ
ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ। ਸ਼ਾਹ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਸ਼ੋਪੀਆਂ ਜ਼ਿਲ੍ਹੇ ਦੇ ਹੈਫ਼-ਸ੍ਰੀਮਲ ਇਲਾਕੇ ਦਾ ਰਹਿਣ ਵਾਲਾ ਸ਼ਾਹ 2014 ਵਿਚ ਅਤਿਵਾਦੀ ਜਥੇਬੰਦੀ ਨਾਲ ਜੁੜਿਆ ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਪਿਛਲੇ ਸਾਲ ਦਖਣੀ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਹੋਈ ਹਿੰਸਾ ਦਾ ਮਾਸਟਰਮਾਈਂਡ ਵੀ ਸ਼ਾਹ ਹੀ ਸੀ। ਮੱਧਵਰਗੀ ਪਰਵਾਰ ਵਿਚ ਪੈਦਾ ਹੋਏ ਸ਼ਾਹ ਦਾ ਪਿਤਾ ਗੁਲ ਮੁਹੰਮਦ ਸ਼ਾਹ ਫਲਾਂ ਦਾ ਕਾਰੋਬਾਰ ਕਰਦਾ ਹੈ। ਸਕੂਲੀ ਦਿਨਾਂ ਦੌਰਾਨ ਇਕ ਕੋਰੀਅਰ ਲੜਕੇ ਦਾ ਕੰਮ ਕਰਨ ਵਾਲਾ ਸ਼ਾਹ ਸਕੂਲ ਸਮੇਂ ਤੋਂ ਹੀ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸਰਗਰਮ ਸਮਰਥਕ ਸੀ। ਅਤਿਵਾਦੀ ਜਥੇਬੰਦੀ ਵਿਚ ਨਵੇਂ ਮੁੰਡਿਆਂ ਦੀ ਭਰਤੀ ਕਰਨ ਵਾਲੇ ਸ਼ਾਹ ਦੇ ਸਿਰ 'ਤੇ ਲਗਭਗ 10 ਲੱਖ ਰੁਪਏ ਦਾ ਈਨਾਮ ਸੀ। (ਪੀ.ਟੀ.ਆਈ.)