ਮੁੱਖ ਮੰਤਰੀ ਰਿਹਾਇਸ਼ 'ਤੇ ਪੁੱਜੀ ਪੁਲਿਸ, ਭੜਕੇ ਕੇਜਰੀਵਾਲ

ਖ਼ਬਰਾਂ, ਰਾਸ਼ਟਰੀ

ਜੱਜ ਲੋਇਆ ਮਾਮਲੇ ਵਿਚ ਅਮਿਤ ਸ਼ਾਹ ਕੋਲੋਂ ਪੁੱਛ-ਪੜਤਾਲ ਕਦੋਂ ਹੋਵੇਗੀ : ਕੇਜਰੀਵਾਲ

ਜੱਜ ਲੋਇਆ ਮਾਮਲੇ ਵਿਚ ਅਮਿਤ ਸ਼ਾਹ ਕੋਲੋਂ ਪੁੱਛ-ਪੜਤਾਲ ਕਦੋਂ ਹੋਵੇਗੀ : ਕੇਜਰੀਵਾਲ
ਨਵੀਂ ਦਿੱਲੀ, 23 ਫ਼ਰਵਰੀ: ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਥਿਤ ਹਮਲੇ ਦੇ ਮਾਮਲੇ ਵਿਚ ਸਬੂਤ ਇਕੱਠੇ ਕਰਨ ਲਈ ਦਿੱਲੀ ਪੁਲਿਸ ਦੀ ਟੀਮ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਗਈ। ਉੱਤਰ ਦਿੱਲੀ ਦੇ ਵਧੀਕ ਡੀਐਸਪੀ ਹਰਿੰਦਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਵਿਚ ਸੀਸੀਟੀਵੀ ਫ਼ੁਟੇਜ ਸਮੇਤ ਵੱਖ-ਵੱਖ ਸਬੂਤ ਇਕੱਠੇ ਕਰਨ ਲਈ ਪੁਲਿਸ ਦੀ ਟੀਮ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਭੇਜਿਆ ਗਿਆ। ਉਧਰ ਇਸ ਮਾਮਲੇ 'ਚ ਕੇਂਦਰੀ ਮੰਤਰੀ ਹੰਸਰਾਜ ਅਹੀਰ ਨੇ ਅੱਜ ਸੰਕੇਤ ਦਿਤੇ ਕਿ ਦਿੱਲੀ ਪੁਲਿਸ ਅਰਵਿੰਦ ਕੇਜਰੀਵਾਲ ਕੋਲੋਂ ਵੀ ਪੁੱਛ-ਪੜਤਾਲ ਕਰ ਸਕਦੀ ਹੈ। ਅਹੀਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਜੋ ਕੋਈ ਵੀ ਹੋਵੇ, ਪੁਲਿਸ ਉਨ੍ਹਾਂ ਸਾਰੇ ਲੋਕਾਂ ਕੋਲੋਂ ਪੁੱਛ-ਪੜਤਾਲ ਕਰੇਗੀ ਜਿਨ੍ਹਾਂ ਦੀ ਹਾਜ਼ਰੀ ਵਿਚ ਇਹ ਘਟਨਾ ਵਾਪਰੀ।' ਅਹੀਰ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਜਿਹੀ ਕੋਈ ਸੰਭਾਵਨਾ ਹੈ ਕਿ ਦਿੱਲੀ ਪੁਲਿਸ ਮੁੱਖ ਸਕੱਤਰ ਮਾਮਲੇ ਵਿਚ ਕੇਜਰੀਵਾਲ ਕੋਲੋਂ ਪੁੱਛ-ਪੜਤਾਲ ਕਰ ਸਕਦੀ ਹੈ? ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ। ਕੋਈ ਕਿਸੇ ਅਧਿਕਾਰੀ 'ਤੇ ਹਮਲਾ ਕਿਵੇਂ ਕਰ ਸਕਦਾ ਹੈ। ਜਦਕਿ ਅਪਣੇ ਘਰ ਪੁਲਿਸ ਟੀਮ ਦੀ ਆਮਦ 'ਤੇ ਭੜਕੇ ਕੇਜਰੀਵਾਲ ਨੇ ਕਿਹਾ, 'ਭਾਰੀ ਪੁਲਿਸ ਫ਼ੋਰਸ ਉਨ੍ਹਾਂ ਦੇ ਘਰ ਭੇਜੀ ਗਈ। ਇਹ ਚੰਗੀ ਗੱਲ ਹੈ ਪਰ ਜੱਜ ਲੋਇਆ ਕਤਲ ਮਾਮਲੇ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਕੋਲੋਂ ਪੁੱਛ-ਪੜਤਾਲ ਕਦੋਂ ਹੋਵੇਗੀ।' ਦਿੱਲੀ ਸਰਕਾਰ ਦੇ ਬੁਲਾਰੇ ਅਰਣੋਦਿਆ ਪ੍ਰਕਾਸ਼ ਨੇ ਕਿਹਾ ਕਿ ਬਿਨਾਂ ਕਿਸੇ ਸੂਚਨਾ ਲਗਭਗ 70 ਪੁਲਿਸ ਮੁਲਾਜ਼ਮਾਂ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ਵਿਚ ਦਾਖ਼ਲ ਹੋਈ। ਉਨ੍ਹਾਂ ਟਵਿਟਰ 'ਤੇ ਲਿਖਿਆ, 'ਮੁੱਖ ਮੰਤਰੀ ਰਿਹਾਇਸ਼ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਜੇ ਪੁਲਿਸ ਚੁਣੇ ਹੋਏ ਮੁੱਖ ਮੰਤਰੀ ਨਾਲ ਅਜਿਹਾ ਕਰ ਸਕਦੀ ਹੈ ਤਾਂ ਸੋਚੋ ਕਿ ਉਹ ਗ਼ਰੀਬ ਲੋਕਾਂ ਨਾਲ ਕੀ ਕਰ ਸਕਦੀ ਹੈ।' 

ਸ਼ਾਮ ਸਮੇਂ ਅਰਵਿੰਦ ਕੇਜਰੀਵਾਲ ਮੁੱਖ ਸਕੱਤਰ ਮਾਮਲੇ 'ਚ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਮਿਲੇ। ਦੋਹਾਂ ਦੀ ਬੈਠਕ ਲਗਭਗ ਦਸ ਮਿੰਟ ਤਕ ਚੱਲੀ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਅਧਿਕਾਰੀ ਪਿਛਲੇ ਤਿੰਨ ਦਿਨਾਂ ਤੋਂ ਬੈਠਕਾਂ ਵਿਚ ਹਿੱਸਾ ਨਹੀਂ ਲੈ ਰਹੇ। ਦਿੱਲੀ ਵਿਚ ਸ਼ਾਸਨ ਦੇ ਕੰਮ ਵਿਚ ਅੜਿੱਕਾ ਪੈ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਐਲ.ਜੀ. ਨੇ ਭਰੋਸਾ ਦਿਤਾ ਹੈ ਕਿ ਅਧਿਕਾਰੀਆਂ ਦੇ ਕੰਮਕਾਜ ਸ਼ੁਰੂ ਕਰਨ ਲਈ ਉਹ ਕਦਮ ਚੁਕਣਗੇ। ਦਿੱਲੀ ਸਰਕਾਰ ਦੇ ਮੰਤਰੀ ਵੀ ਐਲਜੀ ਨੂੰ ਮਿਲੇ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਰਵਈਆ ਹੈ। ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਆਸ਼ੂਤੋਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦੀ ਕਾਰਵਾਈ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹੋ ਰਹੀ ਹੈ। ਇਹ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਹੈ। 'ਆਪ' ਦੀਆਂ ਇਥੇ ਹੀ ਖ਼ਤਮ ਨਹੀਂ ਹੋਈਆਂ ਅਤੇ ਦਿੱਲੀ ਸਰਕਾਰ ਦੇ ਇਕ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਪੁਲਿਸ ਨੇ ਅੱਜ ਉਸ ਵਕਤ ਹਿਰਾਸਤ ਵਿਚ ਲੈ ਲਿਆ ਜਦ ਉਹ ਪਾਰਟੀ ਦੇ ਦਲਿਤ ਵਿਧਾਇਕ ਪ੍ਰਕਾਸ਼ ਜਰਵਾਲ ਦੀ ਗ੍ਰਿਫ਼ਤਾਰੀ ਵਿਰੁਧ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਯਤਨ ਕਰ ਰਹੇ ਸਨ। ਹਿਰਾਸਤ ਵਿਚ ਲਏ ਗਏ 'ਆਪ' ਆਗੂਆਂ ਤੇ ਕਾਰਕੁਨਾਂ ਨੂੰ ਤੁਗਲਕ ਰੋਡ ਅਤੇ ਸੰਸਦ ਮਾਰਗ ਥਾਣੇ ਲਿਜਾਇਆ ਗਿਆ ਜਿਥੋਂ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ। ਉਧਰ ਅੱਜ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 'ਆਪ' ਵਿਧਾਇਕਾਂ ਅਮਾਨਤੁਲਾ ਖ਼ਾਨ ਅਤੇ ਪ੍ਰਕਾਸ਼ ਜਾਰਵਾਲ ਦੀਆਂ ਜ਼ਮਾਨਤ ਅਰਜ਼ੀਆਂ ਅੱਜ ਦਿੱਲੀ ਦੀ ਅਦਾਲਤ ਨੇ ਰੱਦ ਕਰ ਦਿਤੀਆਂ। ਅਦਾਲਤ ਨੇ ਕਲ ਵਿਧਾਇਕਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਸੀ। ਦੂਜੇ ਪਾਸੇ ਮੁੱਖ ਸਕੱਤਰ ਨਾਲ ਹੱਥੋਪਾਈ ਦੇ ਮਾਮਲੇ ਵਿਚ ਆਈ.ਏ.ਐਸ. ਅਧਿਕਾਰੀਆਂ ਦਾ ਵਫ਼ਦ ਅੱਜ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੂੰ ਮਿਲਿਆ ਅਤੇ ਅਪਣੀਆਂ ਸ਼ਿਕਾਇਤਾਂ ਉਨ੍ਹਾਂ ਸਾਹਮਣੇ ਰਖੀਆਂ। ਬੈਠਕ ਮਗਰੋਂ ਜਿਤੇਂਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਵਫ਼ਦ ਦੀ ਗੱਲ ਸੁਣੀ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲਿਆ ਹੈ ਅਤੇ ਜ਼ਰੂਰੀ ਕਦਮ ਚੁੱਕੇ ਜਾਣਗੇ। ਬੈਠਕ ਮਗਰੋਂ ਦਿੱਲੀ ਆਈਏਐਸ ਅਧਿਕਾਰੀ ਐਸੋਸੀਏਸ਼ਨ ਦੀ ਸਕੱਤਰ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਮੰਤਰੀ ਨੇ ਪੂਰਨ ਸਹਿਯੋਗ ਦਾ ਭਰੋਸਾ ਦਿਤਾ ਹੈ।  (ਏਜੰਸੀ)