ਮੁੜ ਸਾਹਮਣੇ ਆਈ ਡਾਕਟਰਾਂ ਦੀ ਲਾਪਰਵਾਹੀ, ਮ੍ਰਿਤਕ ਐਲਾਨਿਆ ਬੱਚਾ ਆਖਰੀ ਰਸਮਾਂ ਵੇਲੇ ਨਿੱਕਲਿਆ ਜ਼ਿੰਦਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀਂ ਗੁਰੁਗਰਾਮ ਦੇ ਫੋਰਟਿਸ ਹਸਪਤਾਲ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਥੇ ਡਾਕਟਰਾਂ ਦੀ ਲਾਪਰਵਾਹੀ ਨਾਲ ਇਲਾਜ ਅਧੀਨ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ 'ਤੇ ਵੱਡੀ ਲਾਪਰਵਾਹੀ ਵਰਤੇ ਜਾਣ ਦੇ ਇਲਜ਼ਾਮ ਲੱਗੇ ਹਨ । ਦਰਅਸਲ ਮੈਕਸ ਹਸਪਤਾਲ ਵਿਚ ਜੁੜਵਾ ਬੱਚਿਆਂ ਦਾ ਜਨਮ ਹੋਇਆ ਸੀ। ਪਰ ਜਨਮ ਤੋਂ ਬਾਅਦ ਡਾਕਟਰਾਂ ਨੇ ਇਹਨਾਂ ਜੁੜਵਾ ਬੱਚਿਆਂ ਵਿਚੋਂ ਇੱਕ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ ਅਤੇ ਉਸਨੂੰ ਮਾਤਾ ਪਿਤਾ ਨੂੰ ਸੌਂਪ ਦਿੱਤਾ। 

ਜਿਸਤੋਂ ਬਾਅਦ ਸਦਮੇ 'ਚ ਪਰਿਵਾਰ ਨੇ ਮ੍ਰਿਤ ਬੱਚੇ ਦਾ ਸਸਕਾਰ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜਿਸ ਬੱਚੇ ਨੂੰ ਡਾਕਟਰਾਂ ਨੇ ਮਰਿਆ ਕਰਾਰ ਦਿੱਤਾ ਸੀ, ਉਸਦੇ ਪਿਤਾ ਨੇ ਕੁਝ ਸਮੇਂ ਬਾਅਦ ਉਸ ਦੇ ਸਰੀਰ ਚ ਹਲਚਲ ਮਹਿਸੂਸ ਕੀਤੀ ਜਿਸਨਾਲ ਪਿਤਾ ਹੱਕ ਬੱਕਾ ਰਹਿ ਗਿਆ ਅਤੇ ਤੁਰੰਤ ਹੀ ਬੱਚੇ ਨੂੰ ਨੇੜਲੇ ਹਸਪਤਾਲ ਲੈ ਗਿਆ ਜਿਥੇ ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਨਾ ਸਿਰਫ ਬੱਚੇ ਨੂੰ ਜ਼ਿੰਦਾ ਕਰਾਰ ਦਿੱਤਾ ਬਲਕਿ ਉਸਨੂੰ ਤੰਦਰੁਸਤ ਵੀ ਦੱਸਿਆ।

ਇਸ ਘਟਨਾਂ ਤੋਂ ਬਾਅਦ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੈਕਸ ਹਸਪਤਾਲ ਵਿੱਚ ਜਾਕੇ ਹੰਗਾਮਾ ਕੀਤਾ ਅਤੇ ਬਾਅਦ ਵਿੱਚ ਸ਼ਾਲੀਮਾਰ ਬਾਗ ਪੁਲਿਸ ਸਟੇਸ਼ਨ ਵਿੱਚ ਜਾਕੇ ਹਸਪਤਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ, ਕਿ ਉਹਨਾਂ ਨੂੰ ਗੁਮਰਾਹ ਕੀਤਾ ਗਿਆ ਅਤੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਹਾਲਾਂਕਿ ਕੁਝ ਸਮੇਂ ਬਾਅਦ ਦੂਜੇ ਬੱਚੇ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਦੇ ਬੁਲਾਰੇ ਦੀਪੇਂਦਰ ਪਾਠਕ ਨੇ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਹੈ , ਅਸੀਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਕਾਨੂੰਨੀ ਸਲਾਹ ਦੇ ਨਾਲ - ਨਾਲ ਦਿੱਲੀ ਮੈਡੀਕਲ ਕਾਉਂਸਲ ਦੀ ਵੀ ਰਾਇ ਲੈਣਗੇ, ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਪੂਰੀ ਘਟਨਾਂ ਤੋਂ ਬਾਅਦ ਇੱਕ ਗੱਲ ਤਾਂ ਸਾਫ ਹੈ ਕਿ ਰੱਬ ਦਾ ਦੂਜਾ ਨਾਮ ਕਹੇ ਜਾਣ ਵਾਲੇ ਡਾਕਟਰ ਕੁਝ ਰੁਪਈਆਂ ਦੀ ਖਾਤਿਰ ਆਪਣੇ ਫਰਜ਼ ਨੂੰ ਭੁੱਲ ਕੇ ਆਪਣੇ ਪੇਸ਼ੇ ਨੂੰ ਮਹਿਜ਼ ਇੱਕ ਬਿਜ਼ਨਸ ਦੀ ਤਰ੍ਹਾਂ ਚਲਾ ਰਹੇ ਹਨ। ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਜਿਉਣ ਦੀ ਇੱਛਾ ਹੋਵੇ ਤਾਂ ਸਰਕਾਰੀ ਹਸਪਤਾਲ ਜਾਓ, ਪਰ ਪੈਸਿਆਂ ਦੀਆਂ ਪੰਡਾਂ ਲੈਣ ਵਾਲੇ ਵੱਡੇ ਹਸਪਤਾਲਾਂ ਵੱਲ ਨਾ ਜਾਓ ਜਿਥੇ ਨਾ ਤਾਂ ਇਨਸਾਨ ਕੋਲ ਪੈਸਾ ਬਚਦਾ ਹੈ ਅਤੇ ਨਾ ਹੀ ਜ਼ਿੰਦਗੀ।