ਨਵੀਂ ਦਿੱਲੀ, 1 ਦਸੰਬਰ: ਜਿਸ ਸਮੇਂ ਸਾਬਕਾ ਪ੍ਰਧਾਨ
ਮੰਤਰੀ ਡਾ. ਮਨਮੋਹਨ ਸਿੰਘ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਿਸ਼ਾਨੇ 'ਤੇ
ਹਨ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ
ਬੰਨ੍ਹੇ ਹਨ। ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਣ ਮਗਰੋਂ ਪਹਿਲੀ ਵਾਰੀ ਭਾਰਤ ਪੁੱਜੇ
ਬਰਾਕ ਓਬਾਮਾ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਨੇ 2008 'ਚ ਆਰਥਕ ਮੰਦੀ ਤੋਂ ਬਾਅਦ
ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ। ਓਬਾਮਾ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਅਪਣੇ ਦੇਸ਼ ਦੇ
ਮੁਸਲਮਾਨਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਧਿਆਨ ਰਖਣਾ ਚਾਹੀਦਾ ਹੈ ਜੋ ਖ਼ੁਦ
ਨੂੰ ਭਾਰਤ ਨਾਲ ਜੁੜਿਆ ਹੋਇਆ ਅਤੇ ਭਾਰਤੀ ਮੰਨਦੇ ਹਨ।
ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ
ਸੰਮੇਲਨ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ, ''2008 ਦੀ ਆਰਥਕ ਮੰਦੀ ਤੋਂ ਬਾਅਦ ਜਦੋਂ ਅਸੀਂ
ਜੂਝ ਰਹੇ ਸੀ ਤਾਂ ਮਨਮੋਹਨ ਸਿੰਘ ਸਾਡੇ ਮੁਢਲੇ ਸਾਥੀ ਸਨ।''
ਓਬਾਮਾ ਨੇ ਮੌਜੂਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਉਹ ਮੋਦੀ ਨੂੰ ਪਸੰਦ ਕਰਦੇ ਹਨ
ਕਿਉਂਕਿ ਉਹ ਭਾਰਤ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਅਫ਼ਸਰਸ਼ਾਹੀ
ਦੇ ਕੁੱਝ ਹਿੱਸਿਆਂ ਦਾ ਆਧੁਨੀਕੀਕਰਨ ਕਰ ਰਹੇ ਹਨ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਡਾ.
ਮਨਮੋਹਨ ਸਿੰਘ ਉਨ੍ਹਾਂ ਦੇ ਬਹੁਤ ਚੰਗੇ ਮਿੱਤਰ ਹਨ। ਉਨ੍ਹਾਂ ਕਿਹਾ, ''ਡਾ. ਮਨਮੋਹਨ ਸਿੰਘ
ਮੇਰੇ ਬਹੁਤ ਚੰਗੇ ਮਿੱਤਰ ਹਨ। ਡਾ. ਸਿੰਘ ਵਲੋਂ ਆਰਥਿਕਤਾ ਦੇ ਆਧੁਨੀਕੀਕਰਨ ਵਲ ਪੁੱਟੇ
ਕਦਮਾਂ ਨੂੰ ਵੇਖੀਏ ਤਾਂ ਇਹ ਆਧੁਨਿਕ ਭਾਰਤੀ ਆਰਥਿਕਤਾ ਦੀ ਨੀਂਹ ਸਨ।'' ਉਨ੍ਹਾਂ ਕਿਹਾ ਕਿ
ਡਾ. ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਮੋਦੀ ਦੋਵੇਂ ਵੱਡੇ ਆਗੂ ਹਨ। ਅੱਜ ਓਬਾਮਾ ਨੇ
ਪ੍ਰਧਾਨ ਮੰਤਰੀ ਨਾਲ ਦਿੱਲੀ 'ਚ ਮੁਲਾਕਾਤ ਵੀ ਕੀਤੀ। ਓਬਾਮਾ ਨੇ ਕਿਹਾ ਕਿ ਸਾਲ 2015 ਵਿਚ
ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਆਏ ਸਨ ਤਾਂ ਉਨ੍ਹਾਂ ਉਸ ਸਮੇਂ
ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਭਾਰਤ ਵਿਚ ਧਾਰਮਕ ਸਹਿਣਸ਼ੀਲਤਾ ਵਧਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਬਾਕੀ ਦੇਸ਼ਾਂ ਵਿਚ ਅਜਿਹਾ ਨਹੀਂ ਹੈ। ਪਾਕਿਸਤਾਨ 'ਚੋਂ ਅਤਿਵਾਦ ਸਬੰਧੀ
ਪੁੱਛੇ ਸਵਾਲ ਦੇ ਜਵਾਬ ਵਿਚ 2009 ਤੋਂ ਲੈ ਕੇ 2017 ਤਕ ਅਮਰੀਕਾ ਦੇ ਰਾਸ਼ਟਰਪਤੀ ਰਹਿ
ਚੁੱਕੇ ਓਬਾਮਾ ਨੇ ਕਿਹਾ ਕਿ ਅਮਰੀਕਾ ਨੂੰ ਇਸ ਗੱਲ ਦੇ ਸਬੂਤ ਨਹੀਂ ਮਿਲੇ ਹਨ ਕਿ
ਪਾਕਿਸਤਾਨ ਨੂੰ ਓਸਾਮਾ ਬਿਨ ਲਾਦੇਨ ਦੀ ਮੌਜੂਦਗੀ ਬਾਰੇ ਕੁੱਝ ਵੀ ਪਤਾ ਸੀ ਪਰ ਅਮਰੀਕਾ ਨੇ
ਖ਼ੁਦ ਇਸ ਮੁੱਦੇ 'ਤੇ ਯਕੀਨੀ ਤੌਰ 'ਤੇ ਗ਼ੌਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਮਈ 2011
ਵਿਚ ਅਮਰੀਕੀ ਫ਼ੌਜ ਨੇ ਪਾਕਿਸਤਾਨ ਦੇ ਐਬਟਾਬਾਦ ਵਿਚ ਕਾਰਵਾਈ ਕਰ ਕੇ ਲਾਦੇਨ ਨੂੰ ਮਾਰ
ਦਿਤਾ ਸੀ। ਇਸ ਥਾਂ 'ਤੇ ਲਾਦੇਨ ਅਪਣੇ ਪਰਵਾਰ ਨਾਲ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਨਵੰਬਰ
2008 ਵਿਚ ਜਦ ਮੁੰਬਈ 'ਤੇ ਅਤਿਵਾਦੀ ਹਮਲਾ ਕੀਤਾ ਸੀ ਤਾਂ ਉਸ ਸਮੇਂ ਭਾਰਤ ਦੇ ਨਾਲ-ਨਾਲ
ਅਮਰੀਕਾ ਵੀ ਅਤਿਵਾਦੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਕਾਰਵਾਈ ਕੀਤੀ ਸੀ ਅਤੇ ਭਾਰਤ ਸਰਕਾਰ
ਦੀ ਮਦਦ ਕਰਨ ਲਈ ਅਮਰੀਕੀ ਖ਼ੁਫ਼ੀਆ ਮੁਲਾਜ਼ਮ ਤੈਨਾਤ ਕਰ ਦਿਤੇ ਗਏ ਸਨ। (ਏਜੰਸੀਆਂ)