ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਸੰਤੋਖ ਸਿੰਘ ਬੁਮਰਾਹ ਦੀ ਲਾਸ਼ ਗੁਜਰਾਤ ਦੀ ਸਾਬਰਮਤੀ ਨਦੀ 'ਚ ਮਿਲੀ ਹੈ। 84 ਸਾਲ ਦੇ ਸੰਤੋਖ ਸਿੰਘ ਬੁਮਰਾਹ ਉੱਤਰਾਖੰਡ ਤੋਂ ਅਹਿਮਦਾਬਾਦ ਆਪਣੇ ਪੋਤੇ ਨੂੰ ਮਿਲਣ ਲਈ ਪਹੁੰਚੇ ਸਨ। ਹਾਲਾਂਕਿ ਜਸਪ੍ਰੀਤ ਬੁਮਰਾਹ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਘਰ ਵਾਪਸ ਨਹੀਂ ਪਹੁੰਚੇ ਸਨ। ਇਸ ਤੋਂ ਬਾਅਦ ਪੁਲਸ 'ਚ ਉਨ੍ਹਾਂ ਦੇ ਗੁਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਾਈ ਗਈ ਸੀ। ਖਬਰਾਂ ਮੁਤਾਬਕ ਅਹਿਮਦਾਬਾਦ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਕਰਮਚਾਰੀਆਂ ਨੇ ਸਾਬਰਮਤੀ ਨਦੀ 'ਚ ਗਾਂਧੀ ਬ੍ਰਿਜ ਅਤੇ ਦਧੀਚੀ ਬ੍ਰਿਜ ਦੇ ਵਿਚਾਲੇ ਸੰਤੋਖ ਸਿੰਘ ਦੀ ਲਾਸ਼ ਨੂੰ ਕੱਢਿਆ ਹੈ। ਦਰਅਸਲ ਜਸਪ੍ਰੀਤ ਬੁਮਰਾਹ ਦਾ ਪਰਿਵਾਰ ਆਪਣੇ ਦਾਦਾ ਤੋਂ ਅਲਗ ਰਹਿੰਦਾ ਹੈ। ਰਿਪੋਰਟਸ ਮੁਤਾਬਕ ਜਦੋਂ ਸੰਤੋਖ ਸਿੰਘ ਜਸਪ੍ਰੀਤ ਬੁਮਰਾਹ ਨੂੰ ਮਿਲਣ ਅਹਿਮਦਾਬਾਦ ਪਹੁੰਚੇ ਤਾਂ ਉੱਥੇ ਨਾ ਤਾਂ ਕਿਸੇ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਨਾ ਹੀ ਮੁਲਾਕਾਤ ਕੀਤੀ।
ਸੰਤੋਖ ਸਿੰਘ ਬੁਮਰਾਹ ਦੇ ਬੇਟੇ ਅਤੇ ਜਸਪ੍ਰੀਤ ਬੁਮਰਾਹ ਦੇ ਪਿਤਾ ਜਸਵੀਰ ਬੁਮਰਾਹ ਗੁਜਰਾਤ ਦੇ ਅਹਿਮਦਾਬਾਦ 'ਚ ਕਈ ਫੈਕਟਰੀਆ ਦੇ ਮਾਲਕ ਸਨ। ਅਹਿਮਦਾਬਾਦ 'ਚ ਉਨ੍ਹਾਂ ਦੀਆਂ ਤਿੰਨ ਫੈਕਟਰੀਆਂ ਸਨ। ਪਰ 2001 'ਚ ਜਸਪ੍ਰੀਤ ਬੁਮਰਾਹ ਦੇ ਪਿਤਾ ਜਸਵੀਰ ਬੁਮਰਾਹ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਗਈ ਅਤੇ ਫਿਰ ਸ਼ੁਰੂ ਹੋਇਆ ਇਸ ਪਰਿਵਾਰ ਦੀ ਬਰਬਾਦੀ ਦਾ ਸਿਲਸਿਲਾ।
ਇਕ ਵਾਰ ਜਸਪ੍ਰੀਤ ਦੇ ਦਾਦਾ ਜੀ ਨੇ ਵੀ ਦੱਸਿਆ ਸੀ ਕਿ ਪੁੱਤਰ ਦੀ ਮੌਤ ਦੇ ਬਾਅਦ ਉਨ੍ਹਾਂ ਦਾ ਆਰਥਿਕ ਪੱਧਰ ਸੰਕਟ 'ਚ ਘਿਰ ਗਿਆ। ਬੈਂਕਾਂ ਦਾ ਖਰਜ਼ਾ ਅਦਾ ਕਰਨ ਲਈ ਤਿੰਨੇ ਫੈਕਟਰੀਆਂ ਵੇਚਣੀਆਂ ਪਈਆਂ। ਹਾਲਾਤ ਲਗਾਤਾਰ ਵਿਗੜਦੇ ਗਏ। ਸੰਤੋਖ ਸਿੰਘ ਨੂੰ ਆਪਣਾ ਸਾਰਾ ਕਾਰੋਬਾਰ ਵੇਚ ਕੇ ਉੱਤਰਾਖੰਡ 'ਚ ਜਾਣਾ ਪਿਆ। ਇਸ ਦੌਰਾਨ ਕੁਝ ਕਾਰਨਾਂ ਦੀ ਵਜ੍ਹਾ ਨਾਲ ਜਸਪ੍ਰੀਤ ਬੁਮਰਾਹ ਦੀ ਮਾਂ ਅਤੇ ਜਸਪ੍ਰੀਤ ਆਪਣੇ ਦਾਦਾ ਤੋਂ ਅਲਗ ਰਹਿਣ ਲੱਗੇ।