ਨਜੀਬ ਮਾਮਲੇ 'ਚ ਅਦਾਲਤ ਨੇ ਸੀ.ਬੀ.ਆਈ. ਦੀ ਝਾੜਝੰਬ ਕੀਤੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 16 ਅਕਤੂਬਰ: ਜੇ.ਐਨ.ਯੂ. ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਮਾਮਲੇ 'ਚ ਦਿਲਚਸਪੀ ਨਾ ਲੈਣ ਅਤੇ ਕਿਸੇ ਨਤੀਜੇ ਤੇ ਨਾ ਪੁੱਜਣ ਨੂੰ ਲੈ ਕੇ ਸੀ.ਬੀ.ਆਈ. ਦੀ ਅੱਜ ਦਿੱਲੀ ਹਾਈ ਕੋਰਟ ਨੇ ਝਾੜਝੰਬ ਕੀਤੀ। ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਪੰਜ ਮਹੀਨੇ ਪਹਿਲਾਂ ਸੀ.ਬੀ.ਆਈ. ਨੂੰ ਸੌਂਪ ਦਿਤੀ ਗਈ ਸੀ।
ਐਮ. ਐਸ. ਸੀ. ਬਾਇਉਟੈਕਨਾਲੋਜੀ ਦਾ ਵਿਦਿਆਰਥੀ ਨਜੀਬ (27) ਜੇ.ਐਨ.ਯੂ. ਦੇ ਮਾਹੀ-ਮਾਂਡਵੀ ਹੋਸਟਲ ਤੋਂ 15 ਅਕਤੂਬਰ, 2016 ਨੂੰ ਲਾਪਤਾ ਹੋ ਗਿਆ ਸੀ। ਘਟਨਾ ਤੋਂ ਇਕ ਰਾਤ ਪਹਿਲਾਂ ਨਜੀਬ ਦੀ ਆਰ.ਐਸ.ਐਸ. ਨਾਲ ਜੁੜੇ ਸੰਘ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀਆਂ ਨਾਲ ਝੜੱਪ ਹੋ ਗਈ ਸੀ।
ਜਸਟਿਸ ਜੀ.ਐਸ. ਸਿਸਤਾਨੀ ਅਤੇ ਜਸਟਿਸ ਚੰਦਰਸ਼ੇਖਰ ਦੀ ਬੈਂਚ ਨੇ ਦਲੀਲਾਂ ਦੌਰਾਨ ਕਿਹਾ ਕਿ ਸੀ.ਬੀ.ਆਈ. ਵਲੋਂ ਦਿਤੀ ਜਾਣਕਾਰੀ ਅਤੇ ਸੌਂਪੀ ਸਥਿਤੀ ਰੀਪੋਰਟ 'ਚ ਆਪਾ-ਵਿਰੋਧੀ ਗੱਲਾਂ ਨਾਲ ਉਹ ਬਹੁਤ ਨਾਖ਼ੁਸ਼ ਹੈ। ਇਹ ਆਪਾ-ਵਿਰੋਧੀ ਗੱਲਾਂ ਮਾਮਲੇ 'ਚ ਸ਼ੱਕੀ ਵਿਦਿਆਰਥੀਆਂ ਦੇ ਫ਼ੋਨ ਕਾਲ ਅਤੇ ਸੰਦੇਸ਼ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਸੀ.ਬੀ.ਆਈ. ਵਲੋਂ ਦਿਤੀ ਸਥਿਤੀ ਰੀਪੋਰਟ 'ਚ ਹਨ।