ਨਾਰਵੇ ਦੇ ਰਾਜਦੂਤ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ 'ਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ  14 ਮਾਰਚ  (ਸਸਸ): ਭਾਰਤ ਵਿਚ ਨਾਰਵੇ ਦੇ ਰਾਜਦੂਤ ਨਿਲਸ ਰਾਗਨਰ ਕਾਮਸਵਗ ਨੇ ਸੂਬੇ ਦੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਵਾਸਤੇ ਭਾਰੀ ਦਿਲਚਸਪੀ ਵਿਖਾਈ ਹੈ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਨਾਰਵੇ ਦੇ ਰਾਜਦੂਤ ਨੇ ਅਪਣੇ ਸੈਕਿੰਡ ਸਕੱਤਰ ਇਰਲੈਂਡ ਡਰਾਗਟ ਅਤੇ ਸਲਾਹਕਾਰ Àਨਦਿਸ ਵੀ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਧਵਾਰ ਹੋਈ ਇਕ ਮੀਟਿੰਗ ਦੌਰਾਨ ਇਹ ਪੇਸ਼ਕਸ਼ ਕੀਤੀ।ਫ਼ੂਡ ਪ੍ਰੋਸੈਸਿੰਗ, ਫਿਸ਼ਿੰਗ, ਨਵਿਆਉਣਯੋਗ ਊਰਜਾ, ਤੇਲ ਅਤੇ ਗੈਸ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਨਾਰਵੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਤਿਆਰ ਕੀਤੇ ਹਾਂਪੱਖੀ ਉਦਯੋਗਿਕ ਮਾਹੌਲ ਤੋਂ ਫਾਇਦਾ ਉਠਾਉਣ 'ਚ ਦਿਲਚਸਪੀ ਰੱਖਦਾ ਹੈ। ਦੌਰੇ ਤੇ ਆਏ ਵਫ਼ਦ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਉਦਯੋਗਿਕ ਖੇਤਰ ਵਿਚ ਸਫ਼ਲਤਾਪੂਰਵਕ ਹਾਂਪੱਖੀ ਰੁਝਾਨ ਪੈਦਾ ਕੀਤਾ ਹੈ। ਉੁਨ੍ਹਾਂ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਲਿਆਂਦੀ ਗਈ ਨਵੀਂ ਉਦਯੋਗਿਕ ਨੀਤੀ ਦਾ ਵੀ ਜ਼ਿਕਰ ਕੀਤਾ ਜਿਸ ਦਾ ਉਦੇਸ਼ ਪੰਜਾਬ ਨੂੰ ਨਿਵੇਸ਼ ਦੇ ਪੱਖੋਂ ਸਭ ਤੋਂ ਪਸੰਦੀਦਾ ਸੂਬਾ ਬਨਾਉਣਾ ਹੈ।