ਕਪੂਰਥਲਾ,
ਜਲੰਧਰ, 30 ਅਗੱਸਤ (ਇੰਦਰਜੀਤ ਸਿੰਘ ਚਾਹਲ, ਮਨਵੀਰ ਸਿੰਘ ਵਾਲੀਆ): ਪੰਜਾਬ ਦਾ ਹਰ
ਨੌਜਵਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਤਰ੍ਹਾਂ ਖ਼ੁਸ਼ਕਿਸਮਤ ਨਹੀਂ ਹੈ
ਜਿਸ ਨੂੰ ਪਿਤਾ ਦੇ ਮੁੱਖ ਮੰਤਰੀ ਹੋਣ ਕਾਰਨ ਵਿਰਾਸਤ ਵਿਚ ਕੁਰਸੀ ਮਿਲ ਜਾਵੇ।
ਇਹ
ਪ੍ਰਗਟਾਵਾ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ
ਨੇ ਅੱਜ ਸਥਾਨਕ ਇੰਦਰ ਕੁਮਾਰ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਟੀ ਕੈਂਪਸ ਵਿਖੇ ਦੋ ਰੋਜ਼ਾ
ਵਿਸ਼ਾਲ ਨੌਕਰੀ ਮੇਲੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ
ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ
ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੇ ਨੌਕਰੀ ਮੇਲੇ ਉਨ੍ਹਾਂ ਲਈ ਇਕ ਸੁਨਹਿਰੀ
ਮੌਕਾ ਹੈ।
ਸ. ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ
ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਪੜ੍ਹੇ-ਲਿਖੇ ਅਤੇ ਤਕਨੀਕੀ ਸਿਖਿਆ ਪ੍ਰਾਪਤ ਬੇਰੁਜ਼ਗਾਰ
ਨੌਜਵਾਨਾਂ ਨੂੰ ਨੌਕਰੀ ਮੁਹਈਆ ਕਰਵਾਉਣ ਦੇ ਮਕਸਦ ਨਾਲ ਸੂਬੇ ਭਰ ਵਿਚ ਅਜਿਹੇ ਨੌਕਰੀ
ਮੇਲੇ ਲਾਏ ਜਾ ਰਹੇ ਹਨ, ਜਿਨ੍ਹਾਂ ਵਿਚ 900 ਦੇ ਕਰੀਬ ਕੰਪਨੀਆਂ ਸ਼ਿਰਕਤ ਕਰ ਰਹੀਆਂ ਹਨ।
ਉਨ੍ਹਾਂ
ਕਿਹਾ ਕਿ ਇਹ ਇਕ ਸ਼ੁਰੂਆਤ ਹੈ ਜਿਸ ਦੇ ਪਹਿਲੇ ਪੜਾਅ ਵਿਚ ਸੂਬੇ ਦੇ 50 ਹਜ਼ਾਰ ਨੌਜਵਾਨਾਂ
ਨੂੰ ਨੌਕਰੀਆਂ ਮੁਹਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦਸਿਆ ਕਿ 5 ਸਤੰਬਰ
ਨੂੰ ਮੁਹਾਲੀ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁਣੇ ਜਾਣ ਵਾਲੇ ਇਨ੍ਹਾਂ 50
ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
ਉਨ੍ਹਾਂ ਦਸਿਆ ਕਿ ਇੰਦਰ ਕੁਮਾਰ
ਗੁਜਰਾਲ ਤਕਨੀਕੀ ਯੂਨੀਵਰਸਟੀ ਵਿਚ ਇਸ ਦੋ ਦਿਨਾ ਮੇਲੇ ਵਿਚ 102 ਕੰਪਨੀਆਂ ਨੇ ਸ਼ਿਰਕਤ
ਕੀਤੀ ਹੈ ਅਤੇ 5000 ਵਿਦਿਆਰਥੀਆਂ ਨੇ ਅਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ
ਨੌਕਰੀ ਵਿਚ ਰੁਚੀ ਨਾ ਰੱਖਣ ਵਾਲੇ ਅਪਣਾ ਕਾਰੋਬਾਰ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸਰਕਾਰ
ਵਲੋਂ ਰੁਜ਼ਗਾਰ ਮੇਲੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਘਰ-ਘਰ ਰੁਜ਼ਗਾਰ
ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਇਸ ਤੋਂ ਪਹਿਲਾਂ ਸਾਬਕਾ ਲੋਕ ਸਭਾ ਮੈਂਬਰ
ਸ੍ਰੀ ਮਹਿੰਦਰ ਸਿੰਘ ਕੇ. ਪੀ ਨੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਅ
ਕਰਵਾਉਣ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ
(ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਯੂਨੀਵਰਸਟੀ ਦੇ ਡੀਨ ਡਾ. ਏ. ਪੀ ਸਿੰਘ, ਡਾ. ਐਨ.
ਪੀ ਸਿੰਘ, ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ, ਡਾ. ਐਸ. ਕੇ ਮਿਸ਼ਰਾ, ਡਾ. ਆਰ. ਪੀ ਐਸ
ਬੇਦੀ ਤੇ ਡਾ. ਬਲਕਾਰ ਸਿੰਘ ਤੋਂ ਇਲਾਵਾ ਫ਼ੈਕਲਟੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ
ਸਨ।