ਨੇਪਾਲ ਸਰਹੱਦ 'ਤੇ ਹਨੀਪ੍ਰੀਤ ਦੀ ਭਾਲ ਤੇਜ਼, ਆਉਣ-ਜਾਣ ਵਾਲਿਆਂ 'ਤੇ ਸਖ਼ਤ ਨਜ਼ਰ

ਖ਼ਬਰਾਂ, ਰਾਸ਼ਟਰੀ



ਮਹਿਰਾਜਗੰਜ (ਉੱਤਰ ਪ੍ਰਦੇਸ਼), 20 ਸਤੰਬਰ: ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਭਾਲ 'ਚ ਸੁਰੱਖਿਆ ਏਜੰਸੀਆਂ ਨੇ ਮਹਿਰਾਜਗੰਜ 'ਚ ਭਾਰਤ-ਨੇਪਾਲ ਸਰਹੱਦ ਉਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਕੇਂਦਰ ਅਤੇ ਸੂਬੇ ਦੀਆਂ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਇਥੇ ਪਿਛਲੇ ਕੁੱਝ ਦਿਨਾਂ ਤੋਂ ਬੈਠੇ ਹੋਏ ਹਨ ਅਤੇ ਸਰਹੱਦ ਉਤੇ ਹੋਣ ਵਾਲੀ ਹਰ ਗਤੀਵਿਧੀ ਉਤੇ ਸਖ਼ਤ ਨਜ਼ਰ ਰੱਖ ਰਹੇ ਹਨ।

ਹਥਿਆਰਬੰਦ ਸੀਮਾ ਬਲ ਦੇ ਡੀ.ਆਈ.ਜੀ. ਰਣਜੀਤ ਸਿੰਘ ਨੇ ਅੱਜ ਕਿਹਾ ਕਿ ਸਾਰੀਆਂ ਚੌਕੀਆਂ ਨੂੰ ਚੌਕਸ ਰਹਿਣ ਦਾ ਹੁਕਮ ਦਿਤਾ ਗਿਆ ਹੈ ਕਿ ਉਹ ਇਹ ਯਕੀਨੀ ਕਰਨ ਕਿ ਹਨੀਪ੍ਰੀਤ ਭਾਰਤ-ਨੇਪਾਲ ਸਰਹੱਦ ਜ਼ਰੀਏ ਦੇਸ਼ ਤੋਂ ਬਾਹਰ ਨਾ ਜਾ ਸਕੇ। ਐਸ.ਐਸ.ਬੀ. ਦੇ ਜਵਾਨਾਂ ਨੂੰ ਕਿਹਾ ਗਿਆ ਹੈ ਕਿ ਸਰਹੱਦ ਪਾਰ ਜਾਣ ਵਾਲਿਆਂ ਦੀ ਪਛਾਣ ਯਕੀਨੀ ਕੀਤੀ ਜਾਵੇ।

ਇਸ ਤੋਂ ਇਲਾਵਾ ਆਮ ਕਪੜਿਆਂ 'ਚ ਔਰਤ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਵੀ ਕਰ ਦਿਤੀ ਗਈ ਹੈ ਅਤੇ ਸਰਹੱਦ ਪਾਰ ਜਾਣ ਵਾਲੀ ਹਰ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਰਾਜਗੰਜ ਦੇ ਸੋਨੋਲੀ ਸਰਹੱਦ ਉਤੇ ਹਨੀਪ੍ਰੀਤ ਦੇ ਪੋਸਟਰ ਵੀ ਲਾਏ ਗਏ ਹਨ ਅਤੇ ਜਨਤਾ ਨੂੰ ਇਸ ਬਾਬਤ ਕੋਈ ਜਾਣਕਾਰੀ ਹੋਣ 'ਤੇ ਤੁਰਤ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।

ਹਨੀਪ੍ਰੀਤ ਅਤੇ ਉਸ ਦੇ ਸਹਿਯੋਗੀਆਂ ਵਿਰੁਧ ਪਹਿਲਾਂ ਹੀ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।             (ਪੀਟੀਆਈ)