ਨਿਜੀ ਕੰਪਨੀਆਂ ਨੂੰ ਕੋਲਾ ਵਪਾਰ ਕਰਨ ਦੀ ਛੋਟ

ਖ਼ਬਰਾਂ, ਰਾਸ਼ਟਰੀ

ਖ਼ਤਮ ਹੋਵੇਗਾ ਕੋਲ ਇੰਡੀਆ ਲਿਮਟਿਡ ਦਾ ਏਕਾਅਧਿਕਾਰ
ਨਵੀਂ ਦਿੱਲੀ, 20 ਫ਼ਰਵਰੀ: ਖੁੱਲ੍ਹੇ ਬਾਜ਼ਾਰ 'ਚ ਕੋਲਾ ਵੇਚਣ ਬਾਰੇ ਸਰਕਾਰੀ ਕੰਪਨੀ ਕੋਲ ਇੰਡੀਆ ਦੇ ਏਕਾਅਧਿਕਾਰ ਨੂੰ ਖ਼ਤਮ ਕਰਦਿਆਂ ਅੱਜ ਕੇਂਦਰੀ ਵਜ਼ਾਰਤ ਨੇ ਨਿਜੀ ਕੰਪਨੀਆਂ ਨੂੰ ਵੀ ਕੋਲਾ ਕੱਢਣ ਅਤੇ ਵਪਾਰ ਕਰਨ ਦੀ ਛੋਟ ਦੇ ਦਿਤੀ ਹੈ। ਸਰਕਾਰ ਨੇ ਕੋਲਾ ਖੇਤਰ ਵਿਚ ਅਜਿਹੀਆਂ ਨਿਜੀ ਕੰਪਨੀਆਂ ਨੂੰ ਦਾਖ਼ਲਾ ਦੇਣ ਬਾਰੇ ਸ਼ਰਤਾਂ ਨੂੰ ਪ੍ਰਵਾਨ ਕੀਤਾ ਹੈ ਜਿਨ੍ਹਾਂ ਹੇਠ ਉਹ ਦੇਸ਼ ਦੀਆਂ ਖਾਣਾਂ ਵਿਚੋਂ ਕੋਲਾ ਕੱਢ ਕੇ ਇਸ ਦਾ ਵਪਾਰ ਕਰ ਸਕਣਗੀਆਂ।ਨਿਜੀ ਕੰਪਨੀਆਂ ਨੂੰ ਹਾਲੇ ਵੀ ਕੋਲਾ ਬਲਾਕ ਦਿਤੇ ਜਾਂਦੇ ਹਨ ਪਰ ਉਹ ਇਸ ਕੋਲੇ ਦੀ ਵਰਤੋਂ ਅਪਣੇ ਨਿਜੀ ਕੰਮਾਂ ਲਈ ਸਥਾਪਤ ਬਿਜਲੀ ਘਰਾਂ ਲਈ ਹੀ ਕਰ ਸਕਦੀਆਂ ਹਨ। ਹੁਣ ਉਨ੍ਹਾਂ ਨੂੰ ਕੋਲਾ ਬਾਜ਼ਾਰ ਵਿਚ ਵੇਚਣ ਦੀ ਛੋਟ ਮਿਲ ਜਾਵੇਗੀ। ਕੋਲਾ ਖੇਤਰ ਦੇ 1973 ਵਿਚ ਕੌਮੀਕਰਨ ਮਗਰੋਂ ਇਹ ਪ੍ਰਮੁੱਖ ਬਾਜ਼ਾਰਵਾਦੀ ਸੁਧਾਰ ਮੰਨਿਆ ਜਾ ਰਿਹਾ ਹੈ। ਕੋਲਾ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਇਸ ਸੁਧਾਰਵਾਦੀ ਕਦਮ ਨਾਲ ਕੋਲਾ ਖੇਤਰ ਦਾ ਕੰਮ ਬਿਹਤਰ ਹੋਵੇਗਾ। ਕੋਲਾ ਬਲਾਕਾਂ ਨੂੰ ਹੁਣ ਈ-ਨੀਲਾਮੀ ਜ਼ਰੀਏ ਘਰੇਲੂ ਤੇ ਵਿਦੇਸ਼ੀ ਖਨਨ ਕੰਪਨੀਆਂ ਨੂੰ ਵੇਚਿਆ ਜਾ ਸਕੇਗਾ। ਭਾਰਤ ਵਿਚ ਅਨੁਮਾਨਤ 300 ਅਰਬ ਟਨ ਕੋਲਾ ਭੰਡਾਰ ਹੈ। ਹੁਣ ਵੱਡੇ, ਦਰਮਿਆਨੇ ਤੇ ਛੋਟੇ ਕੋਲਾ ਬਲਾਕ ਨਿਜੀ ਕੰਪਨੀਆਂ ਲਈ ਉਪਲਭਧ ਹੋਣਗੇ।