ਨਿਰਮਲਾ ਸੀਤਾਰਮਨ ਬਣੀ ਦੂਜੀ ਮਹਿਲਾ ਰਖਿਆ ਮੰਤਰੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 3 ਸਤੰਬਰ : ਨਿਰਮਲਾ ਸੀਤਾਰਮਨ ਨੂੰ ਦੇਸ਼ ਦੀ ਰਖਿਆ ਮੰਤਰੀ ਬਣਾਇਆ ਗਿਆ ਹੈ। ਉਹ ਉਨ੍ਹਾਂ ਚਾਰ ਮੰਤਰੀਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। 2006 ਵਿਚ ਭਾਜਪਾ ਵਿਚ ਸ਼ਾਮਲ ਹੋਈ ਸੀਤਾਰਮਨ ਦੇਸ਼ ਦੀ ਪਹਿਲੀ ਕੁਲਵਕਤੀ ਮਹਿਲਾ ਰਖਿਆ ਮੰਤਰੀ ਹੈ। ਇੰਦਰਾ ਗਾਂਧੀ ਕੋਲ ਰਖਿਆ ਮੰਤਰਾਲੇ ਦਾ ਵਾਧੂ ਕਾਰਜਭਾਰ ਸੀ, ਇਸ ਲਈ ਸੀਤਾਰਮਨ ਨੂੰ ਦੂਜੀ ਮਹਿਲਾ ਰਖਿਆ ਮੰਤਰੀ ਕਿਹਾ ਜਾ ਸਕਦਾ ਹੈ। ਉਹ ਤਾਮਿਲਨਾਡੂ ਨਾਲ ਸਬੰਧਤ ਹੈ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪੜ੍ਹੀ ਹੈ। ਪਿਊਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ। ਇਹ ਮੰਤਰਾਲਾ ਸੁਰੇਸ਼ ਪ੍ਰਭੂ ਤੋਂ ਲਿਆ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਤਾਰਮਨ ਨੇ ਕਿਹਾ, 'ਕੋਈ ਅਜਿਹਾ ਸ਼ਖ਼ਸ ਜਿਹੜਾ ਛੋਟੇ ਸ਼ਹਿਰ ਤੋਂ ਆਇਆ ਹੋਵੇ, ਪਾਰਟੀ ਆਗੂਆਂ ਦੀ ਅਗਵਾਈ ਵਿਚ ਅੱਗੇ ਵਧਿਆ ਹੋਵੇ ਅਤੇ ਜੇ ਉਸ ਨੂੰ ਅਜਿਹੀ ਜ਼ਿੰਮੇਵਾਰੀ ਦਿਤੀ ਜਾਂਦੀ ਹੈ ਤਾਂ ਕਦੇ ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਦੈਵੀ ਕ੍ਰਿਪਾ ਤਾਂ ਹੋਈ ਹੈ, ਨਹੀਂ ਤਾਂ ਅਜਿਹਾ ਸੰਭਵ ਨਹੀਂ ਹੁੰਦਾ।' ਜਦ ਉਨ੍ਹਾਂ ਨੂੰ ਵਣਜ ਮੰਤਰੀ ਵਜੋਂ ਉਨ੍ਹਾਂ ਦੇ ਕੰਮਕਾਰ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਲੋਚਨਾ ਤੋਂ ਨਾ ਤਾਂ ਪਰਹੇਜ਼ ਹੈ ਤੇ ਨਾ ਹੀ ਇਸ ਤੋਂ ਡਰਦੀ ਹੈ।' ਸੀਤਾਰਮਨ ਨੇ ਕਿਹਾ, 'ਆਲੋਚਨਾ ਤੁਹਾਡੇ ਕੰਮ ਦਾ ਨੁਕਸਾਨ ਨਹੀਂ ਕਰਦੀ ਸਗੋਂ ਸੁਧਾਰ ਲਈ ਪ੍ਰੇਰਦੀ ਹੈ।' (ਏਜੰਸੀ)