ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 24 ਫ਼ਰਵਰੀ: ਪੀ.ਐਨ.ਬੀ. ਘਪਲੇ ਦੇ ਮੁੱਖ ਮੁਲਜ਼ਮ ਗਹਿਣਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਜੈੱਮਸ ਦੇ ਮਾਲਕ ਮੇਹੁਲ ਚੋਕਸੀ ਦੇ ਪਾਸਪੋਰਟ ਰੱਦ ਕਰ ਦਿਤੇ ਗਏ ਹਨ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਅੱਜ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਸਲਾਹ 'ਤੇ ਮੰਤਰਾਲੇ ਨੇ 16 ਫ਼ਰਵਰੀ ਤੋਂ ਚਾਰ ਹਫ਼ਤਿਆਂ ਲਈ ਉਨ੍ਹਾ ਦੇ ਪਾਸਪੋਰਟ ਨੂੰ ਮੁਅੱਤਲ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਜਵਾਬ ਦੇਣ ਦਾ ਸਮਾਂ ਦਿਤਾ ਸੀ ਕਿ ਕਿਉਂ ਨਾ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣ ਜਾਂ ਰੱਦ ਕਰ ਦਿਤੇ ਜਾਣ। ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇ ਅਜੇ ਤਕ ਜਵਾਬ ਨਹੀਂ ਦਿਤਾ ਹੈ ਇਯ ਲਈ ਉਨ੍ਹਾਂ ਦੇ ਪਾਸਪੋਰਟ ਰੱਦ ਕੀਤੇ ਜਾਂਦੇ ਹਨ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਅਗਲੀ ਕਾਰਵਾਈ ਜਾਂਚ ਏਜੰਸੀਆਂ ਦੀ ਸਲਾਹ 'ਤੇ ਕੀਤੀ ਜਾਵੇਗੀ। ਦੂਜੇ ਪਾਸੇ ਈ.ਡੀ. ਨੇ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਦੀਆਂ 21 ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਇਸ 'ਚ ਇਕ ਫ਼ਾਰਮ ਹਾਊਸ ਅਤੇ ਇਕ ਪੈਂਟਹਾਊਸ ਵੀ ਸ਼ਾਮਲ ਹੈ। 11,400 ਕਰੋੜ ਦੇ ਪੀ.ਐਨ.ਬੀ. ਘਪਲੇ ਦੇ ਮੁਲਜ਼ਮ ਨੀਰਵ ਮੋਦੀ ਦੀਆਂ ਇਨ੍ਹਾਂ ਜਾਇਦਾਦਾਂ ਦੀ ਕੀਮਤ ਲਗਭਗ 523 ਕਰੋੜ ਰੁਪਏ ਹੈ।