ਨਵੀਂ ਦਿੱਲੀ, 6
ਅਕਤੂਬਰ: ਸਰਕਾਰ ਨੇ ਕਾਲੇ ਧਨ 'ਤੇ ਕਾਰਵਾਈ ਤੇਜ਼ ਕਰਦਿਆਂ ਅੱਜ ਕਿਹਾ ਕਿ ਉਸ ਕੋਲ ਲਗਭਗ
5800 ਅਜਿਹੀਆਂ ਮੁਖੌਟਾ ਕੰਪਨੀਆਂ ਦੀਆਂ ਸੂਚਨਾਵਾਂ ਹਨ ਜਿਨ੍ਹਾਂ ਦੇ ਖਾਤੇ ਪਹਿਲਾਂ ਖ਼ਾਲੀ
ਸਨ ਪਰ ਨੋਟਬੰਦੀ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ 'ਚ ਲਗਭਗ 4574 ਕਰੋੜ ਰੁਪਏ ਜਮ੍ਹਾਂ
ਹੋਏ ਬਾਅਦ 'ਚ ਇਸ ਵਿਚੋਂ 4552 ਕਰੋੜ ਰੁਪਏ ਦੀ ਰਕਮ ਕਢਵਾ ਵੀ ਲਈ ਗਈ।
ਸਰਕਾਰ ਨੇ
ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ 'ਚ 2,09,032 ਸ਼ੱਕੀ ਕੰਪਨੀਆਂ
ਦਾ ਰਜਿਸਟਰੇਸ਼ਨ ਰੱਦ ਕੀਤਾ ਹੈ। ਇਨ੍ਹਾਂ 'ਚੋਂ ਕੁੱਝ ਕੰਪਨੀਆਂ ਦੇ ਬੈਂਕ ਖਾਤਿਆਂ ਦੇ
ਨੋਟਬੰਦੀ ਤੋਂ ਬਾਅਦ ਹੋਏ ਲੈਣ-ਦੇਣ ਬਾਰੇ 13 ਬੈਂਕਾਂ ਨੇ ਵੱਡੀਆਂ ਸੂਚਨਾਵਾਂ ਦਿਤੀਆਂ
ਹਨ। ਪਿਛਲੇ ਮਹੀਨੇ ਸਰਕਾਰ ਨੇ ਦੋ ਲੱਖ ਤੋਂ ਜ਼ਿਆਦਾ ਕੰਪਨੀਆਂ ਦੇ ਬੈਂਕ ਖਾਤਿਆਂ ਦੇ
ਲੈਣ-ਦੇਣ ਉਤੇ ਰੋਕ ਲਾ ਦਿਤੀ ਹੈ।
ਸਰਕਾਰ ਨੇ ਕਾਲੇ ਧਨ ਅਤੇ ਮੁਖੌਟਾ ਕੰਪਨੀਆਂ
ਵਿਰੁਧ ਕਾਰਵਾਈ 'ਚ ਇਸ ਨੂੰ ਵੱਡੀ ਸਫ਼ਲਤਾ ਦਸਦਿਆਂ ਕਿਹਾ ਕਿ ਪਹਿਲੀ ਖੇਪ 'ਚ ਦੋ ਲੱਖ ਤੋਂ
ਜ਼ਿਆਦਾ ਕੰਪਨੀਆਂ 'ਚੋਂ ਲਗਭਗ 5800 ਕੰਪਨੀਆਂ ਦੇ 13,140 ਬੈਂਕ ਖਾਤਿਆਂ ਬਾਰੇ ਜਾਣਕਾਰੀ
ਮਿਲੀ ਹੈ ਉਸ ਨੇ ਕਿਹਾ ਕਿ ਕੁੱਝ ਕੰਪਨੀਆਂ ਨਾਂ 'ਤੇ ਸੌ ਤੋਂ ਵੀ ਜ਼ਿਆਦਾ ਬੈਂਕ ਖਾਤੇ
ਸਨ।
ਇਹ ਅੰਕੜੇ ਸਰਕਾਰ ਵਲੋਂ ਹਟਾਈਆਂ ਗਈਆਂ ਸ਼ੱਕੀ ਕੰਪਨੀਆਂ ਦੀ ਕੁਲ ਗਿਣਤੀ ਦਾ
ਸਿਰਫ਼ 2.5 ਫ਼ੀ ਸਦੀ ਹਨ। ਇਨ੍ਹਾਂ ਕੰਪਨੀਆਂ ਵਲੋਂ ਕੀਤੀ ਗਈ ਭਾਰੀ ਹੇਰਾਫੇਰੀ
ਭ੍ਰਿਸ਼ਟਾਚਾਰ, ਕਾਲਾ ਧਨ ਅਤੇ ਗ਼ੈਰਕਾਨੂੰਨੀ ਕੰਮਾਂ ਦਾ ਕਾਫ਼ੀ ਛੋਟਾ ਹਿੱਸਾ ਹੈ। (ਪੀਟੀਆਈ)