ਪੰਚਕੂਲਾ 'ਚ ਦੰਗੇ ਕਰਵਾਉਣ ਲਈ ਹਨੀਪ੍ਰੀਤ ਨੇ ਚਮਕੌਰ ਨੂੰ ਭੇਜਿਆ ਸੀ ਸਵਾ ਕਰੋੜ ਦੇ ਕੇ

ਖ਼ਬਰਾਂ, ਰਾਸ਼ਟਰੀ

ਪੰਚਕੂਲਾ: ਡੇਰਾ ਸੱਚਾ ਸੌਦਾ ਦੀ ਰਾਜਦਾਰ ਅਤੇ ਪੰਚਕੂਲਾ 'ਚ ਹੋਏ ਦੰਗਿਆਂ ਦੀ ਦੋਸ਼ੀ ਮਾਸਟਰਮਾਇੰਡ ਹਨੀਪ੍ਰੀਤ ਇੰਸਾ ਹਰਿਆਣਾ ਪੁਲਿਸ ਦੀ ਐੱਸ.ਆਈ.ਟੀ. ਨੂੰ ਪੁੱਛ-ਗਿੱਛ 'ਚ ਸਹਿਯੋਗ ਨਹੀਂ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਉਸ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸਾਹਮਣੇ ਆਇਆ ਹੈ ਕਿ ਹਨੀਪ੍ਰੀਤ ਹੀ ਡੇਰੇ 'ਚ ਸਾਰਾ ਫਾਇਨੈਂਸ ਦਾ ਕੰਮ ਸੰਭਾਲਦੀ ਹੈ। ਪੰਚਕੂਲਾ 'ਚ ਹੋਏ ਦੰਗਿਆਂ ਨੂੰ ਲੈ ਕੇ 17 ਅਗਸਤ ਦੀ ਮੀਟਿੰਗ ਤੋਂ ਬਾਅਦ ਚਮਕੌਰ ਨੂੰ ਸਵਾ ਕਰੋੜ ਦੇ ਕੇ ਉਸ ਨੇ ਭੇਜਿਆ ਸੀ। 

ਵੱਡੀ ਗੱਲ ਇਹ ਹੈ ਕਿ ਡੇਰਾ ਮੁਖੀ ਦੇ ਪਰਿਵਾਰ, ਫਿਲਮ ਅਤੇ ਖਰਚ ਨਾਲ ਸੰਬੰਧਤ ਸਾਰੇ ਕੰਮ ਹਨੀਪ੍ਰੀਤ ਦੇ ਹੱਥ 'ਚ ਹੁੰਦੇ ਸਨ। ਇਸੇ ਕਾਰਨ 38 ਦਿਨਾਂ ਤੱਕ ਫਰਾਰ ਹੋਣ ਤੋਂ ਬਾਅਦ ਵੀ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਰੁਪਿਆਂ ਦੀ ਤੰਗੀ ਨਹੀਂ ਆਈ।

ਪੰਚਕੂਲਾ ਪੁਲਿਸ ਦੀ ਐੱਸ.ਆਈ.ਟੀ. ਟੀਮ ਵੀਰਵਾਰ ਨੂੰ ਉਸ ਨੂੰ ਪੰਜਾਬ ਦੇ ਬਠਿੰਡਾ ਤੋਂ ਲੈ ਕੇ ਗਈ, ਜਿੱਥੋਂ ਦੇਰ ਸ਼ਾਮ ਵਾਪਸ ਆਈ। ਉੱਥੇ ਇਸ ਦੌਰਾਨ ਪੁਲਿਸ ਦੇ ਹੱਥ ਕੁੱਝ ਖਾਸ ਨਹੀਂ ਲੱਗਾ, ਕਿਉਂਕਿ ਸਿਰਫ ਇਹ ਪਤਾ ਲੱਗਾ ਹੈ ਕਿ ਹਨੀਪ੍ਰੀਤ ਜਦੋਂ ਦਿੱਲੀ ਗਈ ਤਾਂ ਉਸ ਨਾਲ 2 ਗੱਡੀਆਂ ਸਨ। ਪੰਜਾਬ ਦੇ ਹੀ ਕੁੱਝ ਲੋਕਾਂ ਨੇ ਉਸ ਦੀ ਮਦਦ ਕੀਤੀ ਸੀ।

ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਨਾਲ ਡੇਰਾ ਮਾਮਲੇ 'ਚ ਜੁਟੀ ਐੱਸ.ਆਈ.ਟੀ. ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਲੈ ਕੇ ਉਸ ਤੋਂ ਹੋਣ ਵਾਲੇ ਸਵਾਲਾਂ ਦੇ ਜਵਾਬਾਂ ਬਾਰੇ ਚਰਚਾ ਕੀਤੀ। 

ਇਸ ਤੋਂ ਇਲਾਵਾ ਡੇਰੇ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਫਿਲਹਾਲ ਡੇਰਾ ਮੁਖੀ ਦੇ ਖਿਲਾਫ ਸੀ.ਬੀ.ਆਈ. ਕੋਰਟ 'ਚ ਕਤਲ ਨਾਲ ਸੰਬੰਧਤ 2 ਹੋਰ ਕੇਸ ਚੱਲ ਰਹੇ ਹਨ। ਉਨ੍ਹਾਂ 'ਚੋਂ ਫੈਸਲਾ ਆਉਣ ਤੋਂ ਬਾਅਦ ਦੀ ਸਥਿਤੀ ਨੂੰ ਲੈ ਕੇ ਮੀਟਿੰਗ 'ਚ ਮੰਥਨ ਹੋਇਆ। ਇਸ 'ਚ ਪੁਲਿਸ ਲਾਅ ਐਂਡ ਆਰਡਰ ਨਾਲ ਇਸ ਕੇਸ ਦੀ ਜਾਂਚ ਦਾ ਸਟੇਟਸ ਚੈੱਕ ਕੀਤਾ ਹੈ।