ਪਛਮੀ ਏਸ਼ੀਆ ਦੀ ਯਾਤਰਾ ਤਹਿਤ ਜਾਰਡਨ ਪੁੱਜੇ ਮੋਦੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 9 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਲਸਤੀਨ ਸਮੇਤ ਪਛਮੀ ਏਸ਼ੀਆ ਦੇ ਤਿੰਨ ਦੇਸ਼ਾਂ ਦੀ ਯਾਤਰਾ ਤਹਿਤ ਅੱਜ ਸ਼ਾਮ ਜਾਰਡਨ ਪਹੁੰਚ ਗਏ। ਯਾਤਰਾ ਦੌਰਾਨ ਉਹ ਸੁਰੱਖਿਆ ਤੇ ਵਪਾਰ ਜਿਹੇ ਰਣਨੀਤਕ ਖੇਤਰਾਂ ਵਿਚ ਤਾਲਮੇਲ ਵਧਾਉਣ ਲਈ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ, 'ਖਾੜੀ ਅਤੇ ਪਛਮੀ ਏਸ਼ੀਆ ਖੇਤਰ ਨਾਲ ਸਬੰਧ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਜਾਰਡਨ, ਫ਼ਲਸਤੀਨ, ਯੂਏਸੀ ਅਤੇ ਓਮਾਨ ਦੀ ਨੌਂ ਤੋਂ 12 ਫ਼ਰਵਰੀ ਤਕ ਚਾਰ ਦਿਨਾ ਯਾਤਰਾ 'ਤੇ ਗਏ ਹਨ। ਯਾਤਰਾ 10 ਫ਼ਰਵਰੀ ਨੂੰ ਫ਼ਲਸਤੀਨ ਤੋਂ ਸ਼ੁਰੂ ਹੋਵੇਗੀ। ਉਹ ਜਾਰਡਨ ਰਾਹੀਂ ਜਾਣਗੇ ਜਿਥੇ ਸ਼ਾਹ ਅਬਦੁੱਲਾ ਨੂੰ ਮਿਲਣਗੇ। 

ਭਾਰਤ ਦੇ ਵਿਦੇਸ਼ੀ ਸਬੰਧਾਂ ਵਿਚ ਖਾੜੀ ਖੇਤਰ ਅਤੇ ਪਛਮੀ ਏਸ਼ੀਆ ਨੂੰ ਅਹਿਮ ਤਰਜੀਹ ਦਿੰਦਿਆਂ ਮੋਦੀ ਨੇ ਯਾਤਰਾ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਟੀਚਾ ਖੇਤਰ ਨਾਲ ਸਬੰਧ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ 2015 ਤੋਂ ਖਾੜੀ ਖੇਤਰ ਅਤੇ ਪਛਮੀ ਏਸ਼ੀਆ ਦੀ ਉਨ੍ਹਾਂ ਦੀ ਇਹ ਪੰਜਵੀਂ ਯਾਤਰਾ ਹੋਵੇਗੀ। ਮੋਦੀ ਨੇ ਰਵਾਨਗੀ ਬਿਆਨ ਵਿਚ ਕਿਹਾ, 'ਦੂਜੇ ਦੇਸ਼ਾਂ ਨਾਲ ਸਾਡੇ ਸਬੰਧਾਂ ਵਿਚ ਇਹ ਖੇਤਰ ਅਹਿਮ ਤਰਜੀਹ ਹੈ। ਮੈਂ ਪਛਮੀ ਏਸ਼ੀਆ ਅਤੇ ਖਾੜੀ ਖੇਤਰ ਨਾਲ ਭਾਰਤ ਦੇ ਸਬੰਧ ਹੋਰ ਮਜ਼ਬੂਤ ਹੋਣ ਦੀ ਆਸ ਰਖਦਾ ਹਾਂ।' ਖਾੜੀ ਖੇਤਰ ਵਿਚ 90 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ।         (ਏਜੰਸੀ)