ਨਵੀਂ ਦਿੱਲੀ, 15 ਦਸੰਬਰ : ਰਾਜ ਸਭਾ ਵਿਚ ਅੱਜ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਕਾਫ਼ੀ ਰੌਲਾ-ਰੱਪਾ ਪਿਆ। ਗੁਜਰਾਤ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਕੀਤੀ ਗਈ ਟਿਪਣੀ ਸਮੇਤ ਵੱਖ ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬੈਠਕ ਨੂੰ ਤਿੰਨ ਵਾਰ ਮੁਲਤਵੀ ਕਰਨ ਮਗਰੋਂ ਕਰੀਬ ਤਿੰਨ ਵਜੇ ਪੂਰੇ ਦਿਨ ਲਈ ਉਠਾ ਦਿਤਾ ਗਿਆ। ਵਿਰੋਧੀ ਧਿਰ ਦੇ ਮੈਂਬਰ ਸਾਬਕਾ ਪ੍ਰਧਾਨ ਮੰਤਰੀ ਵਿਰੁਧ ਟਿਪਣੀ ਕਰਨ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਫ਼ੀ ਮੰਗਣ ਲਈ ਕਹਿ ਰਹੇ ਸਨ। ਹੰਗਾਮੇ ਦੌਰਾਨ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਮੈਂਬਰ ਚੇਅਰਮੈਨ ਦੀ ਕੁਰਸੀ ਅੱਗੇ ਆ ਕੇ ਨਾਹਰੇਬਾਜ਼ੀ ਕਰਦੇ ਰਹੇ। ਸ਼ੁਕਰਵਾਰ ਹੋਣ ਕਾਰਨ ਦੁਪਹਿਰ ਦੇ ਖਾਣੇ ਮਗਰੋਂ ਗ਼ੈਰ-ਸਰਕਾਰੀ ਕੰਮਕਾਜ ਹੁੰਦਾ ਹੈ ਪਰ ਅੱਜ ਸਦਨ ਵਿਚ ਗ਼ੈਰ-ਸਰਕਾਰੀ ਕੰਮਕਾਜ ਵੀ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੀ ਭੇਟ ਚੜ੍ਹ ਗਿਆ। ਜ਼ਿਕਰਯੋਗ ਹੈ ਕਿ ਮੋਦੀ ਨੇ ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਕਾਂਗਰਸ ਆਗੂਆਂ ਨੇ ਮਣੀਸ਼ੰਕਰ ਅਈਅਰ ਦੇ ਘਰ ਪਾਕਿਸਤਾਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਤਾਕਿ ਗੁਜਰਾਤ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਪਾਕਿਸਤਾਨ ਦੀ ਮਦਦ ਲਈ ਜਾ ਸਕੇ। ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਹੈ। ਹੰਗਾਮੇ ਦੌਰਾਨ
ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ਕਿ ਉਨ੍ਹਾਂ ਵਿਰੁਧ ਲਗਾਏ ਗਏ ਦੋਸ਼ ਨਾ ਕੇਵਲ ਸਰਕਾਰ ਸਗੋਂ ਵਿਰੋਧੀ ਧਿਰ ਲਈ ਵੀ ਬਹੁਤ ਗੰਭੀਰ ਹਨ। ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ਰਦ ਯਾਦਵ ਅਤੇ ਅਲੀ ਅਨਵਰ ਅੰਸਾਰੀ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਅਤੇ ਸਰਕਾਰ ਦੁਆਰਾ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦੇ ਕੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਅਦਾਲਤਾਂ ਗਠਿਤ ਕਰਨ ਦੇ ਮੁੱਦੇ 'ਤੇ ਵੀ ਹੰਗਾਮਾ ਕੀਤਾ। ਵਿਰੋਧੀ ਧਿਰ ਦੀ ਦਲੀਲ ਸੀ ਕਿ ਜਦ ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ ਤਾਂ ਸਿਆਸੀ ਆਗੂਆਂ ਲਈ ਵਖਰੀਆਂ ਅਦਾਲਤਾਂ ਕਾਇਮ ਕਿਉਂ ਕੀਤੀ ਜਾਣ? ਮ੍ਰਿਤਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਲੋਕ ਸਭਾ ਵਿਚ ਮ੍ਰਿਤਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਗਈਆਂ ਜਿਸ ਮਗਰੋਂ ਬੈਠਕ ਪੂਰੇ ਦਿਨ ਲਈ ਉਠਾ ਦਿਤੀ ਗਈ। ਰਾਜ ਸਭਾ ਦੀ ਬੈਠਕ ਕੌਮੀ ਤਰਾਨੇ ਨਾਲ ਸ਼ੁਰੂ ਹੋਈ। ਫਿਰ ਸਭਾਪਤੀ ਐਮ ਵੈਂਕਇਆ ਨਾਇਡੂ ਨੇ ਮ੍ਰਿਤਕ ਸਾਬਕਾ ਮੈਂਬਰਾਂ, ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਅਤੇ ਐਨਟੀਪੀਸੀ ਦੇ ਪਲਾਂਟ ਵਿਚ ਹੋਏ ਹਾਦਸੇ ਤੇ ਓਖੀ ਚਕਰਵਾਤ ਵਿਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਪੂਰੇ ਸਦਨ ਵਲੋਂ ਸ਼ਰਧਾਂਜਲੀ ਦਿਤੀ। ਪ੍ਰਧਾਨ ਮੰਤਰੀ ਨੇ ਅਪਣੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਨਵੇਂ ਕੈਬਨਿਟ ਮੰਤਰੀਆਂ, ਆਜ਼ਾਦ ਮੰਤਰਆਂ ਅਤੇ ਰਾਜ ਮੰਤਰੀਆਂ ਦੀ ਸਦਨ ਨਾਲ ਜਾਣ-ਪਛਾਣ ਕਰਵਾਈ। (ਏਜੰਸੀ)