ਲੜਾਕੂ ਜਹਾਜ਼ 'ਚ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਰਖਿਆ ਮੰਤਰੀ ਬਣੀ ਨਿਰਮਲਾ ਸੀਤਾਰਮਨ

ਖ਼ਬਰਾਂ, ਰਾਸ਼ਟਰੀ

ਜੋਧਪੁਰ, 17 ਜਨਵਰੀ : ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜਸਥਾਨ ਦੇ ਪਛਮੀ ਸੈਕਟਰ ਵਿਚ ਭਾਰਤੀ ਹਵਾਈ ਫ਼ੌਜ ਦੇ ਅਗਲੀ ਕਤਾਰ ਦੇ ਲੜਾਕੂ ਜਹਾਜ਼ ਸੁਖੋਈ 30 ਐਮਕੇਆਈ ਵਿਚ ਉਡਾਨ ਭਰੀ।ਦੇਸ਼ ਦੀ ਪਹਿਲੀ ਮਹਿਲਾ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਖੋਈ ਲੜਾਕੂ ਜਹਾਜ਼ ਵਿਚ 30 ਮਿੰਟ ਦੀ ਅਪਣੀ ਉਡਾਣ ਨੂੰ ਸ਼ਾਨਦਾਰ ਦਸਿਆ। ਜਹਾਜ਼ ਚਾਲਕਾਂ ਵਾਲਾ ਜੀ ਸੂਟ ਪਾਈ 58 ਸਾਲਾ ਸੀਤਾਰਮਨ ਜੋਧਪੁਰ ਹਵਾਈ ਟਿਕਾਣੇ ਤੋਂ ਉਡਾਨ ਭਰਨ ਵਾਲੇ ਸੁਖੋਈ ਲੜਾਕੂ ਜਹਾਜ਼ ਦੇ ਕਾਕਪਿਟ ਵਿਚ ਪਾਇਲਟ ਦੇ ਪਿੱਛੇ ਵਾਲੀ ਸੀਟ 'ਤੇ ਬੈਠੇ। ਸੂਤਰਾਂ ਨੇ ਦਸਿਆ ਕਿ ਜਹਾਜ਼ ਨੇ ਜੋਧਪੁਰ ਦੀ ਪਛਮੀ ਦਿਸ਼ਾ ਵਿਚ ਉਡਾਨ ਭਰੀ। ਉਹ ਭਾਰਤੀ ਹਵਾਈ ਫ਼ੌਜ ਦੇ ਅਗਲੀ ਕਤਾਰ ਦੇ ਲੜਾਕੂ ਜਹਾਜ਼ ਵਿਚ ਉਡਾਨ ਭਰਨ ਵਾਲੀ ਪਹਿਲੀ ਭਾਰਤੀ ਮਹਿਲਾ ਰਖਿਆ ਮੰਤਰੀ ਬਣ ਗਏ ਹਨ। 58 ਸਾਲਾ ਸੀਤਾਰਮਨ ਦੋ ਸੀਟਾਂ ਵਾਲੇ ਜਹਾਜ਼ ਦੇ ਕਾਕਪਿਟ ਵਿਚ ਪਾਇਲਟ ਤੋਂ ਪਿੱਛੇ ਬੈਠੀ। ਜਦ ਜਹਾਜ਼ ਉਡਾਨ ਭਰਨ ਲਈ ਅੱਗੇ ਵਧਿਆ ਤਾਂ ਉਹ ਸ਼ਾਂਤਚਿੱਤ ਵਿਖਾਈ ਦੇ ਰਹੇ ਸਨ। ਦੇਸ਼ ਦੀ ਪਹਿਲੀ ਮਹਿਲਾ ਰਖਿਆ ਮੰਤਰੀ ਨੇ ਕਾਕਪਿਟ ਅੰਦਰੋਂ ਹੱਥ ਹਿਲਾਇਆ ਅਤੇ ਜਿੱਤ ਦਾ ਨਿਸ਼ਾਨ ਵੀ ਬਣਾਇਆ।