ਪੰਜਾਬ-ਭਾਰਤ ਕੌਮਾਂਤਰੀ ਸਰਹੱਦ ਤੋਂ ਲੱਗਭਗ ਸਵਾ ਕਰੋੜ ਦੀ ਹੈਰੋਇਨ ਬਰਾਮਦ

ਖ਼ਬਰਾਂ, ਰਾਸ਼ਟਰੀ

ਪੰਜਾਬ ਪੁਲਿਸ ਦੇ ਵਿਸ਼ੇਸ਼ ਕਾਊਂਟਰ ਇੰਟੈਲੀਜੈਂਸ ਤੇ ਬੀ.ਐੱਸ.ਐਫ਼. ਵਲੋਂ ਸਾਂਝੀ ਮੁਹਿੰਮ ਦੌਰਾਨ ਫ਼ਿਰੋਜ਼ਪੁਰ ਸੈਕਟਰ ‘ਚੋਂ 22 ਪੈਕਟ ਹੈਰੋਇਨ ਬਰਾਮਦ ਕੀਤੇ ਗਏ ਹਨ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ 1 ਅਰਬ 10 ਕਰੋੜ ਕੀਮਤ ਦੱਸੀ ਜਾਂਦੀ ਹੈ। ਪਾਕਿਸਤਾਨੀ ਤਸਕਰ ਵਾਪਸ ਭੱਜਣ ‘ਚ ਕਾਮਯਾਬ ਹੋ ਗਏ। ਘਟਨਾ ਸਥਾਨ ਤੋਂ ਤੁਰਕੀ ਦੇਸ਼ ਦਾ ਬਣਿਆ ਹੋਇਆ ਇਕ 9 ਐੱਮ.ਐੱਮ. ਪਿਸਤੌਲ, ਮੈਗਜ਼ੀਨ ਸਮੇਤ 11 ਰੌਂਦ ‘ਤੇ ਇਕ ਪਾਕਿਸਤਾਨੀ ਸਿੰਮ ਵੀ ਬਰਾਮਦ ਕੀਤਾ ਗਿਆ।

ਪੰਜਾਬ ਕਾਉੰਟਰ ਇੰਟੈਲੀਜੈਂਸ ਦੇ ਸਹਾਇਕ ਇੰਸਪੈਕਟਰ ਜਨਰਲ ਨਰਿੰਦਰਪਾਲ ਸਿੰਘ ਰੂਬੀ ਤੇ ਬੀ.ਐੱਸ.ਐੱਫ਼. ਦੇ ਡੀ.ਆਈ.ਜੀ. ਬੀ.ਐੱਸ ਰਾਜਪਰੋਹਿਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਭਾਰਤੀ ਤਸਕਰ ਮਨਜੀਤ ਸਿੰਘ ਉਰਫ਼ ਮੰਨਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੁੰਨ ਢਾਹੇ ਵਾਲਾ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਆਪਣੇ ਭਰਾਵਾਂ ਨਾਲ ਮਿਲ ਕੇ ਕੌਮਾਂਤਰੀ ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਰਕਬਾ ਬੀ.ਐੱਸ.ਐੱਫ਼. ਦੀ ਚੌਂਕੀ ਗੱਟੀ ਰਾਜੋ ਕੇ ਪਿੱਲਰ ਨੰਬਰ 187/17 ਰਾਹੀਂ ਹੈਰੋਇਨ ਦੀ ਵੱਡੀ ਖ਼ੇਪ ਤੇ ਅਸਲ੍ਹਾ ਮੰਗਵਾ ਰਿਹਾ ਹੈ।

ਇਸ ਸਬੰਧੀ ਕਾਉਂਟਰ ਇੰਟੈਲੀਜੈਂਸ ਵਲੋਂ ਬੀ.ਐੱਸ.ਐੱਫ਼. ਦੇ ਨਾਲ ਮਿਲ ਕੇ ਉਕਤ ਖ਼ੇਤਰ ‘ਚ ਸਾਂਝੀ ਨਾਕਾਬੰਦੀ ਕੀਤੀ ਗਈ। ਆਈ.ਜੀ. ਮੁਤਾਬਿਕ ਤੜਕੇ 2.30 ਵਜੇ ਜਦੋਂ ਪਾਕਿਸਤਾਨੀ ਤਸਕਰ ਨਵਾਬ ਤੇ ਉਸ ਦਾ ਸਾਥੀ ਕੰਡਿਆਲੀ ਤਾਰ ਉੱਪਰੋਂ ਭਾਰਤ ਵਾਲੇ ਪਾਸੇ ਅਸਲ੍ਹਾ ਤੇ ਹੈਰੋਇਨ ਦੀ ਖ਼ੇਪ ਸੁੱਟ ਰਹੇ ਸਨ ਤਾਂ ਬੀ.ਐੱਸ.ਐੱਫ਼. ਦੀ 105 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਨੂੰ ਵੰਗਾਰਿਆ, ਜਿਨ੍ਹਾਂ ਬੀ.ਐੱਸ.ਐੱਫ਼. ਦੇ ਜਵਾਨਾਂ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ‘ਤੇ ਜਵਾਬੀ ਗੋਲੀਬਾਰੀ ‘ਚ ਪਾਕਿ ਤਸਕਰ ਵਾਪਸ ਦੌੜ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ਼. ਦੇ ਜਵਾਨਾਂ ਵਲੋਂ ਤਸਕਰਾਂ ‘ਤੇ ਵੱਖ-ਵੱਖ ਹਥਿਆਰਾਂ ਰਾਹੀਂ ਕਰੀਬ 91 ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਬਾਵਜੂਦ ਵੀ ਪਾਕਿਸਤਾਨੀ ਤਸਕਰ ਵਾਪਸ ਭੱਜਣ ‘ਚ ਕਾਮਯਾਬ ਹੋ ਗਏ। ਆਈ.ਜੀ. ਨਰਿੰਦਰਪਾਲ ਸਿੰਘ ਰੂਬੀ ਅਨੁਸਾਰ ਨਸ਼ੇ ਦੀ ਖ਼ੇਪ ਨੂੰ ਪ੍ਰਾਪਤ ਕਰਨ ਲਈ ਪਹੁੰਚੇ ਭਾਰਤੀ ਤਸਕਰ ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਮਹਾਂਵੀਰ ਸਿੰਘ ਉਰਫ਼ ਤੋਤਾ, ਸੁਖਬੀਰ ਸਿੰਘ ਉਰਫ਼ ਸੋਨੀ ਪੁੱਤਰ ਨਿਰਵੈਰ ਸਿੰਘ ਵਾਸੀ ਧੁੰਨ ਢਾਹੇ ਵਾਲਾ ਨੂੰ ਕਾਉਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਬਾਰਡਰ ਰੋਡ ਬਾਰੇ ਕੇ ਵਿਖੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਗਿਆ, ਜਦਕਿ ਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਜਰਨੈਲ ਸਿੰਘ ਫ਼ਰਾਰ ਹੋ ਗਿਆ ਅਤੇ ਮੌਕੇ ‘ਤੇ ਮੰਨਾ ਦਾ ਪਰਸ ਬਰਾਮਦ ਹੋਇਆ। ਕਾਬੂ ਦੋਸ਼ੀਆਂ ਤੋਂ ਇਕ ਆਈ ਟਵੰਟੀ ਗੱਡੀ ਫ਼ੜੀ ਗਈ ਹੈ। ਦੋਸ਼ੀਆਂ ਖ਼ਿਲਾਫ਼ ਨਸ਼ਾ ਵਿਰੋਧੀ ਕਾਨੂੰਨ (ਐਨ.ਡੀ.ਪੀ.ਐੱਸ. ਐਕਟ) ਤਹਿਤ ਮਾਮਲਾ ਦਰਜ ਕਰ ਲਿਆ ਗਿਆ।