ਪੰਜਾਬ ਕਾਂਗਰਸ ਦੇ ਲੀਡਰਾਂ ਵਿਚ ਉਠ ਰਿਹੈ ਉਬਾਲ ਸੀਨੀਅਰ ਵਿਧਾਇਕ ਗੁੱਸੇ ਵਿਚ, ਕਦੋਂ ਮੰਤਰੀ ਬਣੀਏ

ਖ਼ਬਰਾਂ, ਰਾਸ਼ਟਰੀ




ਚੰਡੀਗੜ੍ਹ, 9 ਸਤੰਬਰ (ਜੀ.ਸੀ. ਭਾਰਦਵਾਜ): ਪੰਜਾਬ ਦੀ ਲਗਭਗ ਛੇ ਮਹੀਨੇ ਪੁਰਾਣੀ ਸਰਕਾਰ ਅਤੇ 10 ਸਾਲ ਬਾਅਦ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਲੀਡਰਾਂ ਵਿਚ ਅੰਦਰੋਂ-ਅੰਦਰੀ ਉਠ ਰਿਹਾ ਉਬਾਲ ਹੌਲੀ-ਹੌਲੀ ਮਿੱਠੀ ਬਗ਼ਾਵਤ ਦਾ ਰੂਪ ਧਾਰਨ ਕਰ ਰਿਹਾ ਹੈ।

ਕਈ ਸੀਨੀਅਰ ਵਿਧਾਇਕ ਤਾਂ ਇਸ ਕਰ ਕੇ ਬੇਹਦ ਗੁੱਸੇ ਵਿਚ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦਾ ਵਿਸਤਾਰ ਜਾਣਬੁੱਝ ਕੇ ਰੋਕਿਆ ਹੋਇਆ ਹੈ ਅਤੇ ਉਹ ਬਰਦਾਸ਼ਤ ਕਰਨ ਦੀ ਹੱਦ ਨੂੰ ਨਾਪਣ ਵਿਚ ਲੱਗੇ ਹੋਏ ਹਨ। 16 ਮਾਰਚ ਨੂੰ ਮੁੱਖ ਮੰਤਰੀ ਸਮੇਤ 10 ਮੰਤਰੀਆਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਬੇਲੋੜਾ ਟਾਲ-ਮਟੋਲ ਕਰਨ ਅਤੇ ਪਾਰਟੀ ਹਾਈ ਕਮਾਂਡ ਨਾਲ ਨਵੇਂ ਮੰਤਰੀਆਂ ਦੀ ਲਿਸਟ ਬਾਰੇ ਟਕਰਾਅ ਹੋਣ ਸਬੰਧੀ ਇਹ ਸੀਨੀਅਰ ਲੀਡਰ ਤਕਰੀਬਨ ਰੋਜ਼ਾਨਾ ਭੜਾਸ ਕਢਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੱਕੇ ਵਾਅਦੇ ਕੀਤੇ ਸਨ ਅਤੇ ਕਈਆਂ ਨੂੰ ਤਾਂ ਲਿਖ ਕੇ ਵੀ ਦਿਤਾ ਸੀ ਕਿ ਸੀਨੀਅਰ ਅਹੁਦੇ ਜਾਂ ਚੇਅਰਮੈਨੀਆਂ ਨਾਲ ਨਿਵਾਜਿਆ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਧਾਕੜ, ਤਜਰਬੇਕਾਰ ਅਤੇ ਪਿਛਲੇ 20-25 ਸਾਲਾਂ ਤੋਂ ਪਾਰਟੀ ਨਾਲ ਜੁੜੇ ਇਹ ਲੀਡਰ ਜੋ ਤਿੰਨ-ਤਿੰਨ ਵਾਰ, ਚਾਰ-ਚਾਰ ਵਾਰ ਵਿਧਾਇਕ ਬਣੇ ਹਨ, ਗੁੱਸੇ ਨੂੰ ਅੰਦਰੋਂ-ਅੰਦਰ ਪੀਣ ਅਤੇ ਲਾਲ-ਪੀਲਾ ਹੋਣ ਦਾ ਇਸ਼ਾਰਾ ਕਰਦੇ ਹਨ। ਕਈ ਸਿਆਣੇ ਤੇ ਸੂਝ-ਬੂਝ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਕੈਪਟਨ ਦਾ ਇਹ ਐਲਾਨ ਕਰਨਾ ਕਿ ਉਹ ਆਖ਼ਰੀ ਵਾਰ ਮੁੱਖ ਮੰਤਰੀ ਦੀ ਮਿਆਦ ਨਿਭਾ ਰਹੇ ਹਨ, ਪਾਰਟੀ ਨੂੰ ਕਮਜ਼ੋਰ ਕਰਨ ਦੀ ਨੀਤੀ ਹੈ। ਕਈ ਮੂੰਹ-ਫੱਟ ਕਾਂਗਰਸੀ ਨੇਤਾ, ਬੇਈਮਾਨ ਦੇ ਦਾਗੀ ਅਕਾਲੀ ਲੀਡਰਾਂ ਤੇ ਸਾਬਕਾ ਮੰਤਰੀਆਂ ਵਿਰੁਧ ਕੈਪਟਨ ਦੇ ਨਰਮ ਰਵਈਏ ਅਤੇ ਮੁਕੱਦਮੇ ਦਰਜ ਨਾ ਕਰਨ ਜਾਂ ਜਾਂਚ ਨਾ ਕਰਵਾਉਣ ਤੋਂ ਵੀ ਸਖ਼ਤ ਨਾਰਾਜ਼ ਹਨ। ਉਹ 2007-2007 ਦੌਰਾਨ ਚਲਾਈ ਸਖ਼ਤ ਨੀਤੀ ਨੂੰ ਮੁੜ ਲਾਗੂ ਕਰਨ ਅਤੇ ਸੁਖਬੀਰ, ਮਜੀਠੀਆ ਤੇ ਹੋਰਾਂ ਨੂੰ ਜੇਲੀਂ ਭੇਜਣ ਦੇ ਹਾਮੀ ਹਨ।

ਰਾਹੁਲ ਗਾਂਧੀ ਦੇ ਚਹੇਤੇ ਨੌਜਵਾਨ ਵਿਧਾਇਕ ਵਿਸ਼ੇਸ਼ ਕਰ ਕੇ ਦੋ-ਦੋ ਵਾਰ ਵਿਧਾਇਕ ਬਣੇ ਕਈ ਕਾਂਗਰਸੀ ਨੇਤਾ ਝੰਡੀ ਵਾਲੀ ਕਾਰ ਦੀ ਤਾਂਘ ਵਿਚ ਏਨੇ ਮਾਯੂਸ ਹੋ ਚੁੱਕੇ ਹਨ ਕਿ ਮੁਸਕਰਾ ਕੇ ਕਈ ਵਾਰ ਮੱਥੇ ਤਿਊੜੀਆਂ ਪਾ ਕੇ ਅਤੇ ਕਦੇ ਅਪਸ਼ਬਦ ਬੋਲ ਕੇ ਅਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਐਮਐਲਏ ਦੀ ਕੋਈ ਵੁੱਕਤ ਨਹੀਂ, ਸੱਤਾਧਾਰੀ ਪਾਰਟੀ ਵਿਚ ਰਹਿ ਕੇ ਵਿਧਾਨ ਸਭਾ ਸੈਸ਼ਨ ਵਿਚ ਸਵਾਲ ਪੁੱਛਣ 'ਤੇ ਮੰਤਰੀ ਨਾਰਾਜ਼ ਹੁੰਦੇ ਹਨ, ਕੰਮ ਕਰਾਉਣ ਲਈ ਅਫ਼ਸਰ ਸਾਡੀ ਗੱਲ ਨਹੀਂ ਮੰਨਦੇ, ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਸਾਨੂੰ ਟਿੱਚ ਜਾਣਦਾ ਹੈ, ਜਾਈਏ ਤਾਂ ਜਾਈਏ ਕਿਥੇ?
ਦੋ ਦਿਨ ਪਹਿਲਾਂ ਫ਼ਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਵਲੋਂ ਜਿਹੜੀ ਖੁਲ੍ਹੇ ਸ਼ਬਦਾਂ ਵਿਚ ਮੁੱਖ ਮੰਤਰੀ ਦੇ ਦਫ਼ਤਰ ਵਿਚ ਇਕ ਸੀਨੀਅਰ ਅਧਿਕਾਰੀ ਵਿਰੁਧ ਭੜਾਸ ਕੱਢੀ ਗਈ ਸੀ, ਉਸ ਤੋਂ ਭਾਵੇਂ ਕੈਪਟਨ ਤੇ ਸੁਨੀਲ ਜਾਖੜ ਚੁਪ ਹਨ ਪਰ ਬਾਕੀਆਂ ਦਾ ਸੁਨੇਹਾ ਇਹੋ ਗਿਆ ਹੈ ਕਿ ਕਾਂਗਰਸ ਦੇ ਚੁਣੇ ਹੋਏ ਵਿਧਾਇਕਾਂ ਸਮੇਤ ਹੋਰ ਲੀਡਰ ਵੀ ਹੁਣ ਮਨ ਬਣਾ ਚੁੱਕੇ ਹਨ ਕਿ ਮਿੱਠੀ ਬਗ਼ਾਵਤ ਕਿਸੇ ਵੇਲੇ ਵੀ ਭਾਂਬੜ ਮਚਾ ਸਕਦੀ ਹੈ। ਇਸ ਵੇਲੇ ਕੁਲ 77 ਵਿਧਾਇਕਾਂ ਵਿਚੋਂ 10 ਤਾਂ ਮੰਤਰੀ ਅਹੁਦੇ 'ਤੇ ਅਤੇ ਦੋ ਸਪੀਕਰ ਤੇ ਡਿਪਟੀ ਸਪੀਕਰ ਅਹੁਦੇ 'ਤੇ ਅਡਜਸਟ ਹੋ ਚੁੱਕੇ ਹਨ ਪਰ ਬਾਕੀ 65 'ਚੋਂ 34 ਪਹਿਲੀ ਵਾਰ ਜੇਤੂ ਰਹੇ ਹਨ ਜਦਕਿ ਰਹਿੰਦੇ 31 ਤਾਕ ਵਿਚ ਬੈਠੇ ਹਨ ਕਿ ਕਦ ਵੱਡੇ ਅਹੁਦੇ ਦਾ ਮੌਕਾ ਮਿਲੇਗਾ।

ਇਨ੍ਹਾਂ ਨੌਜਵਾਨ ਤੇ ਸੀਨੀਅਰ ਵਿਧਾਇਕਾਂ ਵਿਚ ਪੰਜ ਵਾਰੀ ਐਮਐਲਏ ਬਣੇ ਅੰਮ੍ਰਿਤਸਰ ਕੇਂਦਰੀ ਤੋਂ ਓਮ ਪ੍ਰਕਾਸ਼ ਸੋਨੀ, ਲੁਧਿਆਣਾ ਉਤਰੀ ਤੋਂ ਰਾਕੇਸ਼ ਪਾਂਡੇ ਅਤੇ ਚਾਰ ਵਾਰ ਬਣਿਆਂ ਵਿਚ ਕਾਕਾ ਰਣਦੀਪ ਨਾਭਾ, ਰਾਣਾ ਗੁਰਮੀਤ ਸੋਢੀ ਤੇ ਅਮਰੀਕ ਸਿੰਘ ਢਿੱਲੋਂ ਸ਼ਾਮਲ ਹਨ। ਇਸੇ ਤਰ੍ਹਾ ਤੀਜੀ ਵਾਰ ਕਾਮਯਾਬ ਰਹੇ ਅਤੇ ਸਪੱਸ਼ਟ ਸ਼ਬਦਾਂ ਅਪਣਾ ਗੁਬਾਰ ਕੱਢਣ ਵਾਲੇ ਵਿਧਾਇਕਾਂ ਵਿਚ ਬਲਬੀਰ ਸਿੱਧੂ, ਦਰਸ਼ਣ ਸਿੰਘ ਬਰਾੜ, ਗੁਰਪ੍ਰੀਤ ਕਾਂਗੜ, ਨਿਰਮਲ ਸਿੰਘ ਸ਼ੁਤਰਾਣਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ, ਸੁਰਿੰਦਰ ਕੁਮਾਰ ਡਾਵਰ, ਸੁਰਜੀਤ ਧੀਮਾਨ, ਸੁਖ ਸਰਕਾਰੀਆ, ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਯੰਗ ਬ੍ਰਿਗੇਡ 'ਚੋਂ ਕੁਲਜੀਤ ਨਾਗਰਾ, ਭਾਰਤ ਭੂਸ਼ਣ ਆਸ਼ੂ, ਵਿਜੈਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਰਮਨਜੀਤ ਸਿੱਕੀ, ਰਜਨੀਸ਼ ਬੱਬੀ, ਪਰਮਿੰਦਰ ਪਿੰਕੀ, ਅਮਰਿੰਦਰ ਰਾਜਾ ਵੜਿੰਗ, ਗੁਰਕੀਰਤ ਕੋਟਲੀ, ਹਰਪ੍ਰਤਾਪ ਅਜਨਾਲਾ, ਕੁਸ਼ਲਦੀਪ ਢਿੱਲੋਂ ਅਤੇ ਨਵਤੇਜ ਚੀਮਾ ਤੇ ਹੋਰ ਜੋ ਦੂਜੀ ਵਾਰ ਵਿਧਾਇਕ ਬਣੇ ਹਨ, ਵੀ ਅੰਦਰੋਂ-ਅੰਦਰੀ ਸੁਲਗ ਰਹੇ ਹਨ। ਸਿਆਸੀ ਮਾਹਰ ਤੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੇ ਆਲੋਚਕ ਕਹਿ ਰਹੇ ਹਨ ਕਿ ਫ਼ਿਲਹਾਲ ਗੁਰਦਾਸਪੁਰ ਦੀ ਲੋਕ ਸਭਾ ਸੀਟ ਵਾਸਤੇ ਹੋ ਰਹੀ ਜ਼ਿਮਨੀ ਚੋਣ ਤਕ ਚਿੰਗਾਰੀ ਸੁਲਗਦੀ ਰਹੇਗੀ। ਇਸ ਦੇ ਨਤੀਜੇ ਜਿੱਤ ਜਾਂ ਹਾਰ ਪਿੱਛੋਂ ਹੀ ਕਾਫ਼ੀ ਹਿਲਜੁਲ ਹੋਣ ਦਾ ਡਰ ਹੈ।