ਪੰਜਾਬ ਕਰਜ਼ਾ ਚੁੱਕ ਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਯਤਨਸ਼ੀਲ: ਮਨਪ੍ਰੀਤ ਬਾਦਲ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 14 ਸਤੰਬਰ (ਸਪੋਕਸਮੈਨ ਸਮਾਂਚਾਰ ਸੇਵਾ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਵੱਧ ਤੋਂ ਵੱਧ ਮਦਦ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਦੀ ਆਰਥਕ ਹਾਲਤ ਮਾੜੀ ਹੈ ਪਰ ਇਸ ਦੇ ਬਾਵਜੂਦ ਵੀ 10,000 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਸਰਕਾਰ ਕਿਸਾਨਾਂ ਦੇ ਮੁਆਫ਼ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਪੰਜਾਬ ਕਿਸਾਨਾਂ ਲਈ ਕਰ ਰਿਹਾ ਹੈ, ਉਹ ਉੱਤਰ-ਪ੍ਰਦੇਸ਼, ਮਹਾਂਰਾਸ਼ਟਰਾਂ ਅਤੇ ਕਰਨਾਟਕਾਂ ਸਰਕਾਰਾਂ ਵਲੋਂ ਕਿਸਾਨਾਂ ਲਈ ਕੀਤੀ ਗਈ ਮਦਦ ਤੋਂ ਕਿਤੇ ਜ਼ਿਆਦਾ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਕਿ ਕਿਸਾਨਾਂ ਨੇ 22 ਸਤੰਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ ਤਾਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨਾਂ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਰਾਜ ਦੀ ਆਰਥਕ ਦਸ਼ਾ ਨੂੰ ਵੇਖਦੇ ਹੋਏ ਘਿਰਾਉ ਦਾ ਫ਼ੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਸੈਕਟਰ ਵਿਚ ਖ਼ੁਸ਼ਹਾਲੀ ਵਾਸਤੇ ਨਵੀਂ ਖੇਤੀਬਾੜੀ ਪਾਲਿਸੀ ਤਿਆਰ ਕਰ ਰਹੀ ਹੈ, ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਲਈ ਅਗਲੇ ਸਾਲ ਤੋਂ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਵਿਚ ਸਰਕਾਰ ਮੱਕੀ ਦੀ ਖ਼ਰੀਦ ਕਰੇਗੀ ਅਤੇ ਇਸ ਲਈ ਐਮਐਸਪੀ ਨਿਰਧਾਰਤ ਕਰੇਗੀ। ਜਦ ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਨਾ ਮਿਲਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ, ਜਿਸਨੇ ਰਾਜ ਸਰਕਾਰ ਨੇ ਜੀਐਸਟੀ ਵਿੱਚੋਂ ਬਣਦਾ ਹਿੱਸਾ ਸਮੇਂ ਸਿਰ ਜ਼ਾਰੀ ਨਹੀਂ ਕੀਤਾ।

ਮਨਪ੍ਰੀਤ ਨੇ ਕਿਹਾ ਕਿ ਉਹਨਾਂ ਪਿਛਲੇ ਦਿਨੀਂ ਜੀਐਸ ਦੀ ਕੌਂਸਲ ਮੀਟਿੰਗ ਵਿੱਚ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਧਿਆਨ ਵਿੱਚ ਲਿਆਂਦਾ ਸੀ। ਜਿਸ ਨੇ ਭਰੋਸਾ ਦਿਵਾਇਆ ਹੈ ਕਿ ਅਗਲੇ ਮਹੀਨੇ ਤੋਂ ਜੀਐਸਟੀ 'ਚੋ ਬਣਦਾ ਹਿੱਸਾ ਸਾਰੇ ਰਾਜਾਂ ਨੂੰ ਸਮੇਂ ਸਿਰ ਜਾਰੀ ਕਰ ਦਿਤਾ ਜਾਵੇਗਾ। ਵਰਣਨਯੋਗ ਹੈ ਕਿ ਪੰਜਾਬ ਨੇ ਇਸ ਵਾਰ ਕਰਜ਼ਾ ਚੱਕ ਕੇ ਤਨਖਾਹ ਦਿਤੀ ਹੈ ਜਦ ਕਿ ਕੇਂਦਰ ਸਰਕਾਰ ਕੋਲ ਜੀਐਸਟੀ ਵਿੱਚ 37,000 ਕਰੋੜ ਰੁਪਏ ਰਾਜਾਂ ਦੇ ਹਿੱਸੇ ਦੇ  ਵਾਧੂ ਪਏ ਸਨ ਤੇ ਉਹ ਇਸ ਤੇ ਵਿਆਜ਼ ਕਮਾ ਰਿਹਾ ਸੀ।