ਪੰਜਾਬ ਵਿਚ ਲੱਗੀ ਮੀਂਹ ਦੀ ਝੜੀ, ਮੌਸਮ ਠੰਢਾ ਹੋਣ ਲੱਗਾ

ਖ਼ਬਰਾਂ, ਰਾਸ਼ਟਰੀ


ਚੰਡੀਗੜ੍ਹ, 23 ਸਤੰਬਰ :  ਪੰਜਾਬ ਅਤੇ ਹਰਿਆਣਾ ਵਿਚ ਕਈ ਥਾਈਂ ਭਾਰੀ ਮੀਂਹ ਪੈਣ ਕਾਰਨ ਆਵਾਜਾਈ ਵਿਚ ਕਾਫ਼ੀ ਵਿਘਨ ਪਿਆ ਅਤੇ ਕਈ ਮੁੱਖ ਸੜਕਾਂ 'ਤੇ ਪਾਣੀ ਭਰ ਗਿਆ।

ਮੌਸਮ ਵਿਭਾਗ ਨੇ ਅੱਜ ਦਸਿਆ ਕਿ ਰਾਤ ਭਰ ਹੋਈ ਬੂੰਦਾਬਾਂਦੀ ਕਾਰਨ ਪਾਰਾ ਕਾਫ਼ੀ ਹੇਠਾਂ ਚਲਾ ਗਿਆ। ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ ਅਤੇ ਕਈ ਹੋਰ ਇਲਾਕਿਆਂ ਵਿਚ ਮੁੱਖ ਸੜਕਾਂ 'ਤੇ ਪਾਣੀ ਖੜਾ ਹੋ ਗਿਆ ਜਿਸ ਕਾਰਨ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ, ਮੋਹਾਲੀ ਅਤੇ ਖਰੜ ਇਲਾਕਿਆਂ ਵਿਚ ਆਵਾਜਾਈ ਜਾਮ ਹੋਣ ਦੀਆਂ ਖ਼ਬਰਾਂ ਹਨ।

ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੇਂਦਰ ਸ਼ਾਸਤ ਚੰਡੀਗੜ੍ਹ ਵਿਚ ਕਲ ਤੋਂ 57.1 ਮਿਲੀਮੀਟਰ ਮੀਂਹ ਦੀ ਮਾਤਰਾ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਸਿਆ ਕਿ ਹਰਿਆਣਾ, ਅੰਬਾਲਾ ਵਿਚ 14.2 ਮਿਮੀ, ਕੈਥਲ ਵਿਚ 61 ਮਿਮੀ, ਕਰਨਾਲ ਵਿਚ 45.2 ਮਿਮੀ, ਪੰਚਕੂਲਾ ਵਿਚ 39 ਮਿਮੀ, ਪਾਣੀਪਤ ਵਿਚ 43 ਮਿਮੀ, ਫ਼ਰੀਦਾਬਾਦ ਵਿਚ 15.2 ਮਿਮੀ ਅਤੇ ਸੋਨੀਪਤ ਵਿਚ 122 ਮਿਮੀ ਮੀਂਹ ਦਰਜ ਕੀਤਾ ਗਿਆ।

ਪੰਜਾਬ ਵਿਚ ਗੁਰਦਾਸਪੁਰ (52 ਮਿਮੀ), ਲੁਧਿਆਣਾ ਦੇ ਸਮਰਾਲਾ ਵਿਚ (87 ਮਿਮੀ), ਰੋਪੜ (100 ਮਿਮੀ), ਨਵਾਂਸ਼ਹਿਰ ਦੇ ਬਲਾਚੌਰ 94.2 ਮਿਮੀ), ਪਟਿਆਲਾ ਦੇ ਨਾਭਾ ਵਿਚ (45.1 ਮਿਮੀ), ਫ਼ਤਿਹਗੜ੍ਹ ਸਾਹਿਬ (18 ਮਿਮੀ), ਆਨੰਦਪੁਰ ਸਾਹਿਬ (48 ਮਿਮੀ) ਤੇ ਹੁਸ਼ਿਆਰਪੁਰ (16 ਮਿਮੀ) ਮੀਂਹ ਪਿਆ।   (ਏਜੰਸੀ)