ਪਾਕਿ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਕਿਉਂ ਬਣਾਉਣਾ ਚਾਹੁੰਦਾ ਹੈ? : ਮੋਦੀ

ਖ਼ਬਰਾਂ, ਰਾਸ਼ਟਰੀ

ਪਾਲਨਪੁਰ, 10 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਪਾਕਿਸਤਾਨ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਦਖ਼ਲ ਦੇ ਰਿਹਾ ਹੈ। ਉਨ੍ਹਾਂ ਕਾਂਗਰਸ ਕੋਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਪਾਕਿਸਤਾਨ ਦੇ ਆਗੂਆਂ ਨਾਲ ਕਥਿਤ ਤਾਜ਼ਾ ਮੁਲਾਕਾਤ ਬਾਰੇ ਸਪੱਸ਼ਟੀਕਰਨ ਵੀ ਮੰਗਿਆ। ਗੁਜਰਾਤ ਦੇ ਪਾਲਨਪੁਰ ਵਿਚ ਰੈਲੀ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨੀ ਫ਼ੌਜ ਦੇ ਸਾਬਕਾ ਡਾਇਰੈਕਟਰ ਜਨਰਲ (ਡੀਜੀ) ਸਰਦਾਰ ਅਰਸ਼ਦ ਰਫ਼ੀਕ ਦੁਆਰਾ ਕਥਿਤ ਤੌਰ 'ਤੇ ਕੀਤੀ ਗਈ ਅਪੀਲ ਬਾਬਤ ਸਵਾਲ ਚੁੱਕੇ। ਰਫ਼ੀਕ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਉਣ ਦੀ ਕਥਿਤ ਤੌਰ 'ਤੇ ਅਪੀਲ ਕੀਤੀ ਸੀ। ਮੋਦੀ ਨੇ ਕਿਹਾ ਕਿ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਪਾਕਿਸਤਾਨੀ ਆਗੂਆਂ ਨਾਲ ਮੁਲਾਕਾਤ ਤੋਂ ਇਕ  ਦਿਨ ਬਾਅਦ ਉਨ੍ਹਾਂ ਨੂੰ 'ਨੀਚ' ਕਿਹਾ ਸੀ।ਪ੍ਰਧਾਨ ਮੰਤਰੀ ਨੇ ਕਿਹਾ, 'ਮੀਡੀਆ ਵਿਚ ਮਣੀਸ਼ੰਕਰ 

ਅਈਅਰ ਦੇ ਘਰ ਹੋਈ ਬੈਠਕ ਬਾਰੇ ਖ਼ਬਰਾਂ ਆਈਆਂ ਹਨ। ਬੈਠਕ ਵਿਚ ਪਾਕਿਸਤਾਨ ਦੇ ਰਾਜਦੂਤ, ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਿੱਸਾ ਲਿਆ।' ਮੋਦੀ ਨੇ ਕਿਹਾ ਕਿ ਅਈਅਰ ਦੇ ਘਰ ਇਹ ਬੈਠਕ ਕਰੀਬ ਤਿੰਨ ਘੰਟੇ ਚੱਲੀ ਅਤੇ ਅਗਲੇ ਦਿਨ ਅਈਅਰ ਨੇ ਕਿਹਾ ਕਿ ਮੋਦੀ 'ਨੀਚ' ਹੈ। ਇਹ ਗੰਭੀਰ ਮਾਮਲਾ ਹੈ। ਮੋਦੀ ਨੇ ਕਿਹਾ ਕਿ ਰਫ਼ੀਕ ਨੇ ਅਹਿਮਦ ਪਟੇਲ ਨੂੰ ਗੁਜਰਾਤ ਦਾ ਅਗਲਾ ਮੁੱਖ ਮੰਤਰੀ ਬਣਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ, 'ਇਕ ਪਾਸੇ ਪਾਕਿਸਤਾਨੀ ਫ਼ੌਜ ਦੇ ਸਾਬਕਾ ਡੀਜੀ ਗੁਜਰਾਤ ਚੋਣਾਂ ਵਿਚ ਦਖ਼ਲ ਦੇ ਰਹੇ ਹਨ ਅਤੇ ਦੂਜੇ ਪਾਸੇ, ਪਾਕਿਸਤਾਨੀ ਆਗੂ ਅਈਅਰ ਦੇ ਘਰ ਬੈਠਕ ਕਰ ਰਹੇ ਹਨ।' ਇਸ ਬੈਠਕ ਮਗਰੋਂ ਬਿਆਨ ਦੇ ਕੇ ਗੁਜਰਾਤ ਦੇ ਅਨੁਸੂਚਿਤ ਵਰਗਾਂ ਦਾ ਅਪਮਾਨ ਕੀਤਾ ਗਿਆ।     (ਏਜੰਸੀ)