ਪਾਕਿ ਦੇ ਪ੍ਰਸਿੱਧ ਪੰਜਾਬੀ ਕਵੀ ਰੰਧਾਵਾ ਦਾ ਦੇਹਾਂਤ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 19 ਸਤੰਬਰ: ਪਾਕਿਸਤਾਨੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਅਫ਼ਜ਼ਲ ਅਹਿਸਾਨ ਰੰਧਾਵਾ ਦਾ ਅੱਜ ਦੇਹਾਂਤ ਹੋ ਗਿਆ। ਰੰਧਾਵਾ ਨੇ ਰਾਤੀ ਲਗਭਗ 1:17 ਵਜੇ ਆਖ਼ਰੀ ਸਾਹ ਲਿਆ। ਗੁਰਦਾਸਪੁਰ ਦੀ ਪਾਕਿਸਤਾਨ ਵਿਚ ਰਹਿ ਗਈ ਤਹਿਸੀਲ ਸ਼ਕਰਗੜ੍ਹ ਦੇ ਪਿੰਡ ਕਿਆਮਪੁਰ ਦੇ ਜੰਮਪਲ ਰੰਧਾਵਾ ਦਾ ਜਨਮ ਇਕ ਸਤੰਬਰ 1937 ਨੂੰ ਹੋਇਆ ਸੀ। ਛੇ ਫੁੱਟ ਲੰਮੇ ਰੰਧਾਵਾ ਕਿੱਤੇ ਵਜੋਂ ਵਕੀਲ ਸਨ ਅਤੇ ਉਨ੍ਹਾਂ ਦੀ ਬੇਗਮ ਫ਼ੈਸਲਾਬਾਦ ਵਿਚ ਖੇਤੀਬਾੜੀ ਯੂਨੀਵਰਸਟੀ ਵਿਚ ਅਰਥਸ਼ਾਸਤਰ ਦੀ ਪ੍ਰੋਫ਼ੈਸਰ ਸੀ।

ਰੰਧਾਵਾ ਨੂੰ ਵਿਸ਼ੇਸ਼ ਤੌਰ 'ਤੇ 'ਨਵਾਂ ਘੱਲੂਘਾਰਾ' ਕਵਿਤਾ ਲਿਖਣ ਲਈ ਜਾਣਿਆਂ ਜਾਂਦਾ ਹੈ। ਉਨ੍ਹਾਂ ਇਸ ਕਵਿਤਾ ਵਿਚ ਜੂਨ 1984 ਵਿਚ ਹੋਏ ਘੱਲੂਘਾਰੇ ਦਾ ਦਰਦ ਬਿਆਨ ਕੀਤਾ ਸੀ। ਰੰਧਾਵਾ ਨੇ ਇਹ ਕਵਿਤਾ 9 ਜੂਨ 1984 ਨੂੰ ਲਿਖੀ ਸੀ। ਪੰਜਾਬੀ ਸਾਹਿਤ ਨੂੰ ਉਚਾਈਆਂ ਤਕ ਪਹੁੰਚਾਉਣ ਵਿਚ ਰੰਧਾਵਾ ਦਾ ਅਹਿਮ ਯੋਗਦਾਨ ਰਿਹਾ। ਉਹ ਪ੍ਰੋਫ਼ੈਸ਼ਨਲ ਲਿਖਾਰੀ ਸਨ ਅਤੇ ਪੰਜਾਬੀ ਭਾਸ਼ਾ ਲਈ ਉਨ੍ਹਾਂ ਕਾਫ਼ੀ ਸੰਘਰਸ਼ ਕੀਤਾ ਸੀ। ਸਾਲ 1950 ਵਿਚ ਰੰਧਾਵਾ ਨੇ ਅਪਣਾ ਸਾਹਿਤਿਕ ਕਰੀਅਰ ਸ਼ੁਰੂ ਕੀਤਾ ਸੀ। ਰੰਧਾਵਾ ਕਹਾਣੀਕਾਰ, ਨਾਵਲਕਾਰ, ਰੇਡੀਉ/ਟੈਲੀਵਿਜ਼ਨ ਪਲੇਰਾਈਟ ਅਤੇ ਟਰਾਂਸਲੇਟਰ ਵੀ ਸਨ। ਰੰਧਾਵਾ ਵਲੋਂ ਨਾਮਧਾਰੀ ਮੁਖੀ ਬਾਰੇ ਲਿਖੀ ਕਹਾਣੀ 'ਬੰਨੇ ਚੰਨੇ ਦੇ ਭਰਾ' ਕਮਾਲ ਸੀ।

1961 ਵਿਚ ਉਨ੍ਹਾਂ ਦਾ ਪਹਿਲਾ ਨਾਵਲ 'ਦੀਵਾ ਤੇ ਦਰਿਆ' ਛਪਿਆ ਸੀ। ਇਸ ਤੋਂ ਬਾਅਦ ਉਨ੍ਹਾਂ 1981 ਵਿਚ ਦੋਆਬਾ ਨਾਵਲ, 1984 ਵਿਚ ਸੂਰਜ ਗ੍ਰਹਿਣ ਅਤੇ 2001 ਵਿਚ ਧੁੰਦ ਨਾਵਲ ਲਿਖਿਆ। ਇਸ ਤੋਂ ਇਲਾਵਾ ਉਹ ਮਿੰਨੀ ਕਹਾਣੀਆਂ ਦੀਆਂ ਕਈ  ਕਿਤਾਬਾਂ ਅਤੇ ਕਈ ਕਵਿਤਾਵਾਂ ਲਿਖ ਚੁੱਕੇ ਹਨ। ਉਨ੍ਹਾਂ ਅਫ਼ਰੀਕਾ ਦੀਆਂ ਕਈ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਇਸੇ ਤਰ੍ਹਾਂ ਰੰਧਾਵਾ ਨੇ ਕਈ ਨਾਵਲਾਂ ਨੂੰ ਵੀ ਪੰਜਾਬੀ ਵਿਚ ਅਨੁਵਾਦ ਕਰ ਕੇ ਪੰਜਾਬੀ ਸਾਹਿਤ ਨੂੰ ਮਜ਼ਬੂਤ ਬਣਾਇਆ। ਪੰਜਾਬੀ ਸਾਹਿਬ ਵਿਚ ਨਿਭਾਈ ਅਹਿਮ ਭੂਮਿਕਾ ਲਈ ਰੰਧਾਵਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਸਨਮਾਨਤ ਵੀ ਕੀਤਾ ਗਿਆ।

ਇਕ ਵਧੀਆ ਸਾਹਿਤਕਾਰ ਹੋਣ ਦੇ ਨਾਲ-ਨਾਲ ਰੰਧਾਵਾ ਵਧੀਆ ਸਿਆਸੀ ਆਗੂ ਅਤੇ ਵਕੀਲ ਵੀ ਸਨ। 1972 ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ 'ਤੇ ਉਸ ਸਮੇਂ ਲਾਇਲਪੁਰ ਅਤੇ ਹੁਣ ਦੇ ਫ਼ੈਸਲਾਬਾਦ ਦੀ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰ ਕੇ ਸੰਸਦ ਮੈਂਬਰ ਚੁਣੇ ਗਏ। 1977 ਵਿਚ ਜਨਰਲ ਜ਼ਿਆਉਲ ਹੱਕ ਦੇ ਸ਼ਾਸਨ ਵਿਚ ਮਾਰਸ਼ ਲਾਅ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੱਤ ਸਾਲ ਲਈ ਵੋਟਾਂ ਲੜਨ ਤੋਂ ਅਯੋਗ ਕਰਾਰ ਦਿਤਾ ਗਿਆ। ਸਿਆਸੀ ਗਤੀਵਿਧੀਆਂ ਕਾਰਨ 1981 ਵਿਚ ਉਨ੍ਹਾਂ ਨੂੰ ਚੁੱਕ ਕੇ ਹਿਰਾਸਤ ਵਿਚ ਰਖਿਆ ਗਿਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਅੱਠ ਕਿਤਾਬਾਂ ਲਿਖੀਆਂ। ਰੰਧਾਵਾ ਨੂੰ ਸਾਲ 2012 ਤੇ 2013 ਲਈ ਪਾਕਿਸਤਾਨ ਦੇ ਐਵਾਰਡ 'ਕਮਾਲ-ਏ-ਫਨ' ਲਈ ਨਾਮਜ਼ਦ ਕੀਤਾ ਗਿਆ ਸੀ।