ਪਾਕਿ ਗੋਲੀਬਾਰੀ 'ਚ ਦੋ ਬੱਚਿਆਂ ਦੀ ਮੌਤ, 12 ਜ਼ਖ਼ਮੀ ਘੁਸਪੈਠ ਕਰ ਰਹੇ ਦੋ ਅਤਿਵਾਦੀ ਹਲਾਕ

ਖ਼ਬਰਾਂ, ਰਾਸ਼ਟਰੀ

ਜੰਮੂ, 2 ਅਕਤੂਬਰ: ਪਾਕਿਸਤਾਨ ਵਲੋਂ ਅੱਜ ਪੁਣਛ ਜ਼ਿਲ੍ਹੇ ਵਿਚ ਸਰਹੱਦ ਨੇੜੇ ਕੀਤੀ ਗਈ ਗੋਲੀਬਾਰੀ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ 12 ਹੋਰ ਨਾਗਰਿਕ ਜ਼ਖ਼ਮੀ ਹੋ ਗਏ। ਗੋਲੀਬਾਰੀ ਵਿਚ ਜ਼ਖ਼ਮੀ ਹੋਏ 12 ਨਾਗਰਿਕਾਂ ਵਿਚ ਪੰਜ ਬੱਚੇ ਵੀ ਹਨ ਜਿਨ੍ਹਾਂ ਵਿਚੋਂ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਪੰਜ ਸਾਲਾ ਜ਼ੋਬੀਆ ਕੌਸਰ ਨੂੰ ਹੈਲੀਕਾਪਟਰ ਰਾਹੀਂ ਜੰਮੂ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸੇ ਦੌਰਾਨ ਫ਼ੌਜ ਨੇ ਕਸ਼ਮੀਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। 

ਪਾਕਿਸਤਾਨ ਵਲੋਂ ਅੱਜ ਸਵੇਰੇ 6:30 ਵਜੇ ਤੋਂ ਲੈ ਕੇ 11:30 ਵਜੇ ਤਕ ਸਰਹੱਦ ਨੇੜੇ ਦਿਗਵਾਰ, ਸ਼ਾਹਪੁਰ, ਕਸਬਾ, ਕੇਰਨੀ ਅਤੇ ਮੰਧਾਰ ਖੇਤਰਾਂ ਵਿਚ ਗੋਲੀਬਾਰੀ ਕੀਤੀ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਪਾਕਿਸਤਾਨ ਨੇ ਆਮ ਨਾਗਰਿਕਾਂ ਅਤੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ।