ਪਾਕਿ ਤੋਂ ਸਿਖਲਾਈ ਲੈ ਕੇ ਆਏ ਦੋ ਅਤਿਵਾਦੀ ਗ੍ਰਿਫ਼ਤਾਰ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 3 ਫ਼ਰਵਰੀ: ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਦੋ ਪਾਕਿਸਤਾਨੀ ਸਿਖਲਾਈ ਪ੍ਰਾਪਤ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਵਾਦੀ ਵਿਚ ਅਤਿਵਾਦੀ ਕਾਰਨਾਮਿਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਹਥਿਆਰਾਂ ਦੀ ਸਿਖਲਾਈ ਲੈਣ ਲਈ ਇਹ ਅਤਿਵਾਦੀ ਜਾਇਜ਼ ਪਾਕਿਸਤਾਨੀ ਵੀਜ਼ਾ 'ਤੇ ਪਾਕਿਸਤਾਨ ਗਏ ਸਨ। ਇਨ੍ਹਾਂ ਨੂੰ ਪੁਲਿਸ, ਫੌਜ ਅਤੇ ਸੀ.ਆਰ.ਪੀ.ਐਫ਼. ਦੀ ਸਾਂਝੀ ਕਾਰਵਾਈ ਵਿਚ ਗ੍ਰਿਫ਼ਤਾਰ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਅਤਿਵਾਦੀਆਂ ਨੇ ਸਿਰਫ਼ ਇਸੇ ਉਦੇਸ਼ ਲਈ ਵਿਸ਼ੇਸ਼ ਤੌਰ 'ਤੇ ਅਪਣੇ ਪਾਸਪੋਰਟ ਪ੍ਰਾਪਤ ਕੀਤੇ ਸਨ।ਉਨ੍ਹਾਂ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਇਨ੍ਹਾਂ ਅੱਤਵਾਦੀਆਂ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਵਾਪਸ ਪਰਤਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਕਸ਼ਮੀਰ ਜਾ ਕੇ ਅਤਿਵਾਦੀਆਂ 'ਚ ਸ਼ਾਮਲ ਹੋਣ ਵਾਲੇ ਸਨ। ਗ੍ਰਿਫ਼ਤਾਰ ਦੋਹਾਂ ਅਤਿਵਾਦੀਆਂ ਦੀ ਪਛਾਣ ਅਬਦੁਲ ਮਜੀਦ ਭੱਟ ਅਤੇ ਮੁਹੰਮਦ ਅਸ਼ਰਾਫ਼ ਮੀਰ ਵਜੋਂ ਹੋਈ ਹੈ ਜੋ ਕਿ ਕ੍ਰਮਵਾਰ ਕਰੀਰੀ ਅਤੇ ਪੱਤਣ ਤੋਂ ਸਨ। ਪੁੱਛੇ ਜਾਣ 'ਤੇ ਦੋਹਾਂ ਨੇ ਇਹ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਮੁੰਡਿਆਂ ਨਾਲ ਸਿਖਲਾਈ ਲਈ ਸੀ, ਜਿਨ੍ਹਾਂ' 'ਚੋਂ ਜ਼ਿਆਦਾਤਰ ਬਲੋਚਿਸਤਾਨ ਤੋਂ ਸਨ। ਇਨ੍ਹਾਂ 'ਚੋਂ ਕਈ ਤਾਂ 10 ਸਾਲ ਦੀ ਉਮਰ ਦੇ ਵੀ ਸਨ।ਉਨ੍ਹਾਂ ਦਸਿਆ ਕਿ ਅੱਤਵਾਦੀ ਸਿਖਲਾਈ ਕੈਂਪ ਇਸਲਾਮਾਬਾਦ ਵਿਚ ਬਰਮਾ ਟਾਊਨ ਦੇ ਲਾਗੇ ਸਥਿਤ ਹਨ ਅਤੇ ਇਹ ਇਕ ਫ਼ਰਜ਼ੀ ਨਾਂ ਹਾਂਜ਼ਾਲਾ, ਅਦਨਾਨ ਅਤੇ ਉਮਰ ਹੇਠ ਜਾਣੇ ਜਾਂਦੇ ਅਤਿਵਾਦੀ ਕਮਾਂਡਰ ਵਲੋਂ ਚਲਾਏ ਜਾਂਦੇ ਹਨ। 

ਨੌਜਵਾਨਾਂ ਨੂੰ ਸਿਖਲਾਈ ਦੇਣ ਵਾਲੇ ਹੋਰ ਅੱਤਵਾਦੀਆਂ 'ਚ ਓਸਾਮਾ, ਨਵੀ ਅਤੇ ਹਤਾਫ ਹਨ।ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰ ਅੱਤਵਾਦੀਆਂ ਨੂੰ ਨਵੀਂ ਦਿੱਲੀ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਪਾਕਿਸਤਾਨੀ ਵੀਜ਼ੇ ਦਿਤੇ ਸਨ।ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਪੁਲਿਸ ਨੇ ਅਜਿਹੇ ਕਈ ਮਾਡਿਊਲਾਂ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਨੇ ਨੌਜੁਵਾਨ ਮੁੰਡਿਆਂ ਨੂੰ ਸਿਖਲਾਈ ਪ੍ਰਾਪਤ ਕਰਨ ਅਤੇ ਅਤਿਵਾਦ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਕਈ ਅਜਿਹੇ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਮੁਕਾਬਲੇ ਵਿਚ ਮਾਰ ਦਿਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮਾਮਲੇ 'ਚ ਇਕ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਅਪਣੇ ਬੱਚਿਆਂ ਉਤੇ ਨਜ਼ਰ ਰੱਖਣ। ਉਨ੍ਹਾਂ ਦੀ ਲੰਬੇ ਸਮੇਂ ਤੋਂ ਗੈਰਹਾਜ਼ਰੀ ਨੂੰ ਤੁਰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਮੁੰਡਿਆਂ ਦੇ ਜੀਵਨ ਨੂੰ ਬਚਾਇਆ ਜਾ ਸਕੇ।  (ਪੀਟੀਆਈ)