ਪਾਕਿਸਤਾਨ ਵਲੋਂ ਫਿਰ ਗੋਲੀਬਾਰੀ ਦੀ ਉਲੰਘਣਾ,ਇਕ ਮੇਜਰ ਅਤੇ ਤਿੰਨ ਫ਼ੌਜੀ ਸ਼ਹੀਦ

ਖ਼ਬਰਾਂ, ਰਾਸ਼ਟਰੀ

ਜੰਮੂ, 23 ਦਸੰਬਰ: ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਫ਼ੌਜ ਦੀ ਇਕ ਗਸ਼ਤ ਕਰ ਰਹੀ ਟੁਕੜੀ 'ਤੇ ਗੋਲੀਬਾਰੀ ਕੀਤੀ ਜਿਸ ਨਾਲ ਇਕ ਮੇਜਰ ਅਤੇ ਤਿੰਨ ਫ਼ੌਜੀ ਸ਼ਹੀਦ ਹੋ ਗਏ। ਫ਼ੌਜ ਦੇ ਅਧਿਕਾਰੀ ਨੇ ਦਸਿਆ ਕਿ ਗੋਲੀਬਾਰੀ ਦੁਪਹਿਰ ਸਵਾ ਬਾਰਾਂ ਵਜੇ ਹੋਈ। ਪਾਕਿਸਤਾਨ ਵਲੋਂ ਗੋਲੀਬੰਦੀ ਦੀ ਇਹ ਉਲੰਘਣਾ ਉਸ ਸਮੇਂ ਹੋਈ ਹੈ ਜਦੋਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਰਾਜੌਰੀ ਜ਼ਿਲ੍ਹੇ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਫ਼ੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ 'ਚ ਮੇਜਰ ਮੋਹਾਰਕਰ ਪ੍ਰਫ਼ੁੱਲ ਅੰਬਾਦਸ, ਲਾਂਸ ਨਾਇਕ ਗੁਰਮੇਲ ਸਿੰਘ ਅਤੇ ਸਿਪਾਹੀ ਪ੍ਰਗਟ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਅਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਦੋ ਹੋਰ ਜਣਿਆਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਉਹ ਜ਼ੇਰੇ ਇਲਾਜ ਹਨ। ਦੂਜੇ ਪਾਸੇ ਰਖਿਆ ਸੂਤਰਾਂ ਅਨੁਸਾਰ ਫ਼ੌਜ ਦੇ ਚਾਰ ਜਵਾਨ ਮਾਰੇ ਗਏ।