ਪਾਕਿਸਤਾਨੀ ਫ਼ੌਜੀਆਂ ਵਲੋਂ ਫਿਰ ਭਾਰਤੀ ਚੌਕੀਆਂ ਅਤੇ ਪਿੰਡਾਂ 'ਤੇ ਗੋਲਾਬਾਰੀ, ਤਿੰਨ ਜ਼ਖ਼ਮੀ

ਖ਼ਬਰਾਂ, ਰਾਸ਼ਟਰੀ

ਜੰਮੂ, 21 ਸਤੰਬਰ :  ਪਾਕਿਸਤਾਨੀ ਫ਼ੌਜੀਆਂ ਨੇ ਦੋ ਦਿਨ ਦੀ ਸ਼ਾਂਤੀ ਮਗਰੋਂ ਅੱਜ ਫਿਰ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਭਾਰਤ ਦੀਆਂ ਅਗਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਗੋਲੀਬਾਰੀ ਵਿਚ ਤਿੰਨ ਨਾਗਰਿਕ ਜ਼ਖ਼ਮੀ ਹੋ ਗਏ।
ਬੀਐਸਐਫ਼ ਦੇ ਅਧਿਕਾਰੀ ਨੇ ਦਸਿਆ, 'ਪਾਕਿਸਤਾਨੀ ਰੇਂਜਰਾਂ ਨੇ ਅਰਨੀਆ ਸੈਕਟਰ ਵਿਚ ਸਾਡੀਆਂ ਚੌਕੀਆਂ 'ਤੇ ਬਿਨਾਂ ਕਾਰਨ ਗੋਲੀਬਾਰੀ ਕੀਤੀ ਜਿਹੜੀ ਅੱਜ ਸਵੇਰ ਤਕ ਜਾਰੀ ਸੀ।' ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿਤਾ। ਸਵਰੇ 3.50 ਵਜੇ ਪਾਕਿਸਤਾਨੀ ਫ਼ੌਜੀਆਂ ਨੇ ਜੇਰਧਾ ਪਿੰਡ ਵਿਚ ਗੋਲੀਬਾਰੀ ਕੀਤੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਲੀਬਾਰੀ ਵਿਚ ਤਿੰਨ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਦੀ ਪਛਾਣ ਕਾਠਰ ਦੇ ਕਿਸ਼ੋਰੀ ਲਾਲ, ਉਸ ਦੀ ਪਤਨੀ ਪੰਮੀ ਦੇਵੀ ਅਤੇ ਕੋਲ ਖ਼ੁਰਦ ਦੇ ਗੁਰਦੇਵ ਸਿੰਘ ਵਜੋਂ ਹੋਈ ਹੈ। ਤਿੰਨਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਲੀਬਾਰੀ ਵਿਚ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਇਕ ਦਰਜਨ ਪਾਲਤੂ ਜਾਨਵਰ ਵੀ ਲਪੇਟ ਵਿਚ ਆ ਗਏ।
ਪਾਕਿਸਤਾਨੀ ਫ਼ੌਜੀਆਂ ਨੇ 13 ਅਤੇ 18 ਸਤੰਬਰ ਵਿਚਾਲੇ ਕੰਟਰੋਲ ਰੇਖਾ 'ਤੇ ਲਗਾਤਾਰ ਗੋਲੀਬਾਰੀ ਕੀਤੀ। (ਏਜੰਸੀ)