ਪਥਰਾਅ ਦੀਆਂ ਘਟਨਾਵਾਂ : ਦੋ ਜਣਿਆਂ ਨੂੰ 19 ਤਕ ਹਿਰਾਸਤ ਵਿਚ ਭੇਜਿਆ

ਖ਼ਬਰਾਂ, ਰਾਸ਼ਟਰੀ

ਲਖਨਊ,  16 ਸਤੰਬਰ : ਦਿੱਲੀ ਦੀ ਅਦਾਲਤ ਨੇ ਕਸ਼ਮੀਰ ਘਾਟੀ ਵਿਚ ਪੱਥਰ ਸੁੱਟਣ ਦੇ ਮਾਮਲੇ ਅਤੇ ਸੋਸ਼ਲ ਮੀਡੀਆ ਜ਼ਰੀਏ ਸੁਰੱਖਿਆ ਮੁਲਾਜ਼ਮਾਂ ਵਿਰੁਧ ਸਮਰਥਨ ਹਾਸਲ ਕਰਨ ਦੇ ਮਾਮਲੇ ਵਿਚ ਫ਼ਰੀਲਾਂਸ ਪੱਤਰਕਾਰ ਸਮੇਤ ਦੋ ਜਣਿਆਂ ਕੋਲੋਂ ਹੋਰ ਤਿੰਨ ਦਿਨ ਹਿਰਾਸਤ ਵਿਚ ਪੁੱਛ-ਪੜਤਾਲ ਕਰਨ ਦੀ ਅੱਜ ਐਨਆਈਏ ਨੂੰ ਇਜਾਜ਼ਤ ਦਿਤੀ। ਅਦਾਲਤੀ ਸੂਤਰਾਂ ਨੇ ਦਸਿਆ ਕਿ ਅਦਾਲਤ ਨੇ ਕੁਲਗਾਮ ਦੇ ਜਾਵੇਦ ਅਹਿਮਦ ਭੱਟ ਅਤੇ ਪੁਲਵਾਮਾ ਦੇ ਕਾਮਰਾਨ ਯੁਸੂਫ਼ ਦੀ ਹਿਰਾਸਤ 19 ਸਤੰਬਰ ਤਕ ਵਧਾ ਦਿਤੀ ਹੈ। ਦੋਹਾਂ ਨੂੰ 10 ਦਿਨ ਦੀ ਐਨਆਈਏ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਸੁਣਵਾਈ ਦੌਰਾਨ ਕੇਂਦਰੀ ਜਾਂਚ ਏਜੰਸੀ ਨੇ ਇਹ ਕਹਿੰਦਿਆਂ ਦੋਹਾਂ ਦੀ ਹੋਰ ਸੱਤ ਦਿਨ ਹਿਰਾਸਤ ਮੰਗੀ ਸੀ ਕਿ ਉਨ੍ਹਾਂ ਕੋਲੋਂ ਪੁੱਛ ਪੜਤਾਲ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਮਾਮਲੇ ਹੋਰ ਮੁਲਜ਼ਮਾਂ ਨਾਲ ਕਰਾਉਣ ਦੀ ਲੋੜ ਹੈ। ਸੂਤਰਾਂ ਨੇ ਦਸਿਆ ਕਿ ਚੈਂਬਰ ਵਿਚ ਸੁਣਵਾਈ ਦੌਰਾਨ ਐਨਆਈਏ ਨੇ ਇਹ ਵੀ ਕਿਹਾ ਕਿ ਦੋਹਾਂ ਨੂੰ ਚੱਲ ਰਹੀ ਜਾਂਚ ਦੇ ਸਿਲਸਿਲੇ ਵਿਚ ਵੱਖ ਵੱਖ ਥਾਵਾਂ 'ਤੇ ਲਿਜਾਣ ਦੀ ਲੋੜ ਹੈ। ਐਨਆਈਏ ਨੇ ਕਸ਼ਮੀਰ ਘਾਟੀ ਵਿਚ ਅਤਿਵਾਦ ਨੂੰ ਫ਼ੰਡ ਮੁਹਈਆ ਕਰਾਉਣ ਦੇ ਮਾਮਲੇ ਵਿਚ ਭੱਟ ਅਤੇ ਯੁਸੂਫ਼ ਨੂੰ ਬੀਤੀ ਪੰਜ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐਨਆਈਏ ਮੁਤਾਬਕ ਪਥਰਾਅ ਦੀਆਂ ਦੋਹਾਂ ਘਟਨਾਵਾਂ ਵਿਚ ਸ਼ਾਮਲ ਹੋਣ ਤੋਂ ਇਲਾਵਾ ਨੌਜਵਾਨਾਂ ਦੇ ਗਰੁਪ ਬਣਾਉਂਦੇ ਸੀ ਜਿਹੜੇ ਅਤਿਵਾਦ ਵਿਰੋਧੀ ਮੁਹਿੰਮਾਂ ਵਿਚ ਸ਼ਾਮਲ ਸੁਰੱਖਿਆ ਬਲਾਂ 'ਤੇ ਪੱਥਰ ਸੁੱਟਦੇ ਸੀ। (ਏਜੰਸੀ)