ਪਤੀ-ਪਤਨੀ ਬਣ ਕੇ ਰਹਿ ਸਕਣਗੇ ਹਾਦੀਆ-ਸ਼ਫ਼ੀਨ

ਖ਼ਬਰਾਂ, ਰਾਸ਼ਟਰੀ

ਕਿਹਾ, ਹਾਦੀਆ ਨੂੰ ਸੁਪਨੇ ਸਾਕਾਰ ਕਰਨ ਦੀ ਆਜ਼ਾਦੀ
ਨਵੀਂ ਦਿੱਲੀ, 8 ਮਾਰਚ: ਸੁਪਰੀਮ ਕੋਰਟ ਨੇ ਲਵ ਜੇਹਾਦ ਮਾਮਲੇ ਦੇ ਸ਼ਿਕਾਰ ਹੋਏ ਹਾਦੀਆ-ਸ਼ਫ਼ੀਨ ਜੋੜੇ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਵਿਆਹ ਨੂੰ ਬਹਾਲ ਕਰ ਦਿਤਾ। ਇਸ ਫ਼ੈਸਲੇ ਨਾਲ ਹੁਣ ਹਾਦੀਆ ਤੇ ਸ਼ਫ਼ੀਨ ਪਤੀ ਪਤਨੀ ਵਾਂਗ ਰਹਿ ਸਕਣਗੇ। ਸੁਪਰੀਮ ਕੋਰਟ ਨੇ ਅੱਜ ਕੇਰਲ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿਤਾ ਜਿਸ ਵਿਚ ਹਾਈ ਕੋਰਟ ਨੇ ਇਨ੍ਹਾਂ ਦੇ ਵਿਆਹ ਨੂੰ ਗ਼ੈਰ-ਕਾਨੂੰਨੀ ਐਲਾਨਿਆ ਸੀ। ਅਦਾਲਤ ਨੇ ਕਿਹਾ ਕਿ ਹਾਦੀਆ ਬਾਲਗ਼ ਹੈ ਅਤੇ ਉਸ ਨੂੰ ਅਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੌਮੀ ਜਾਂਚ ਏਜੰਸੀ ਇਸ ਮਾਮਲੇ ਵਿਚ ਅਪਣੀ ਜਾਂਚ ਜਾਰੀ ਰੱਖ ਸਕਦੀ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਅਗੱਸਤ ਮਹੀਨੇ ਵਿਚ ਏਜੰਸੀ ਨੂੰ ਹੁਕਮ ਦਿਤਾ ਸੀ ਕਿ ਉਹ ਹਾਦੀਆ ਦੇ ਧਰਮ ਬਦਲਣ ਦੇ ਮਾਮਲੇ ਦੀ ਜਾਂਚ ਕਰੇ ਕਿਉਂਕਿ ਏਜੰਸੀ ਨੇ ਇਹ ਦਾਅਵਾ ਕੀਤਾ ਸੀ ਕਿ ਕੇਰਲ ਵਿਚ ਅਜਿਹਾ ਇਕ 

ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆਇਆ ਜਦ ਹਾਦੀਆ ਦੇ ਪਤੀ ਸ਼ਫ਼ੀਨ ਨੇ ਉਸ ਦੇ ਵਿਆਹ ਨੂੰ ਗ਼ੈਰ ਕਾਨੂੰਨੀ ਕਰਾਰ ਦੇਣ ਅਤੇ ਉਸ ਦੀ ਪਤਨੀ ਹਾਦੀਆ ਨੂੰ ਉਸ ਦੇ ਮਾਪਿਆਂ ਦੇ ਘਰ ਭੇਜਣ ਦੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਸੀ। ਇਸ ਤੋਂ ਬਾਅਦ ਪਿਛਲੇ ਸਾਲ 27 ਨਵੰਬਰ ਨੂੰ ਸੁਪਰੀਮ ਕੋਰਟ ਨੇ ਹਾਦੀਆ ਨੂੰ ਉਸ ਦੇ ਮਾਪਿਆਂ ਦੀ ਨਿਗਰਾਨੀ ਤੋਂ ਆਜ਼ਾਦ ਕਰਦਿਆਂ ਉਸ ਨੂੰ ਕਾਲਜ ਵਿਚ ਅਪਣੀ ਪੜ੍ਹਾਈ ਪੂਰੀ ਕਰਨ ਲਈ ਭੇਜ ਦਿਤਾ ਸੀ ਹਾਲਾਂਕਿ ਹਾਦੀਆ ਨੇ ਉਸ ਸਮੇਂ ਇਹ ਵੀ ਕਿਹਾ ਸੀ ਕਿ ਉਹ ਅਪਣੇ ਪਤੀ ਨਾਲ ਹੀ ਰਹਿਣਾ ਚਾਹੁੰਦੀ ਹੈ। (ਪੀ.ਟੀ.ਆਈ.)