ਪੀਐਨਬੀ ਘਪਲਾ : ਅਦਾਲਤ ਵਲੋਂ ਮੇਹੁਲ ਚੌਕਸੀ ਵਿਰੁਧ ਦੋਸ਼ਾਂ ਦੀ ਜਾਂਚ ਦੇ ਹੁਕਮ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 20 ਫ਼ਰਵਰੀ : ਦਿੱਲੀ ਹਾਈ ਕੋਰਟ ਨੇ ਸਥਾਨਕ ਪੁਲਿਸ ਨੂੰ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘਪਲੇ ਵਿਚ ਫਸੀ ਗੀਤਾਂਜਲੀ ਜੈੱਮਜ਼ ਦੇ ਮਾਲਕ ਮੇਹੁਲ ਚੋਕਸੀ ਵਿਰੁਧ 2016 ਵਿਚ ਦਰਜ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। ਚੋਕਸੀ ਵਿਰੁਧ ਇਹ ਰੀਪੋਰਟ ਕੰਪਨੀ ਦੀ ਇਕ ਸ਼ਾਖ਼ਾ ਨੇ ਦਰਜ ਕਰਾਈ ਹੈ। ਮੁੱਖ ਜੱਜ ਮੁਕਤਾ ਗੁਪਤਾ ਦੇ ਬੈਂਚ ਨੇ ਦਖਣੀ ਦਿੱਲੀ ਦੇ ਅਮਰ ਕਾਲੋਨੀ ਥਾਣੇ ਦੀ ਪੁਲਿਸ ਨੂੰ ਇਸ ਮਾਮਲੇ ਵਿਚ ਅਪਣੀ ਰੀਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਗ਼ੌਰ ਕੀਤਾ ਕਿ ਸ਼ਿਕਾਇਤੀ ਅਤੇ ਮੁਲਜ਼ਮ ਵਿਚਕਾਰ ਸੁਲ੍ਹਾ ਦੇ ਯਤਨਾਂ ਸਦਕਾ ਮਾਮਲੇ ਦੀ ਜਾਂਚ ਰੋਕ ਦਿਤੀ ਗਈ ਸੀ। ਚੋਕਸੀ ਨੇ ਅਪਣੇ ਵਿਰੁਧ ਪੁਲਿਸ ਵਿਚ ਦਾਇਰ ਸ਼ਿਕਾਇਤ ਨੂੰ ਰੱਦ ਕਰਾਉਣ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਦੋਸ਼ ਹੈ ਕਿ ਉਨ੍ਹਾਂ ਇੰਜਨੀਅਰਾਂ ਦੀ ਇਕ ਫ਼ਰਮ ਨਾਲ ਧੋਖਾਧੜੀ ਕੀਤੀ। ਪੁਲਿਸ ਨੇ ਇਹ ਰੀਪੋਰਟ ਮੈਜਿਸਟਰੇਟ ਦੇ ਹੁਕਮ 'ਤੇ ਦਰਜ ਕੀਤੀ ਸੀ।