ਪਿਛਲੇ ਸਾਲ ਮੁੰਬਈ 'ਚ ਅਪਣੇ ਪਿਤਾ ਨੂੰ ਮਿਲਣ ਆਈ ਸੀ ਦਾਊਦ ਦੀ ਪਤਨੀ

ਖ਼ਬਰਾਂ, ਰਾਸ਼ਟਰੀ

ਮੁੰਬਈ, 22 ਸਤੰਬਰ: ਫ਼ਿਰੌਤੀ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੇ ਕਿਹਾ ਕਿ ਦਾਊਦ ਦੀ ਪਤਨੀ ਮੇਹਜਾਬਿਨ ਸ਼ੇਖ਼ ਅਪਣੇ ਪਿਤਾ ਨੂੰ ਮਿਲਣ ਲਈ ਪਿਛਲੇ ਸਾਲ ਮੁੰਬਈ ਆਈ ਸੀ। ਕਾਸਕਰ ਨੇ ਪੁਲਿਸ ਵਲੋਂ ਕੀਤੀ ਪੁੱਛਗਿਛ ਵਿਚ ਬੀਤੀ ਦਿਨੀ ਇਹ ਵੀ ਕਿਹਾ ਸੀ ਕਿ ਆਲਮੀ ਅਤਿਵਾਦੀ ਦਾਊਦ ਹਾਲੇ ਵੀ ਪਾਕਿਸਤਾਨ ਵਿਚ ਹੀ ਹੈ।
ਕਾਸਕਰ ਨੂੰ ਠਾਣੇ ਦੀ ਪੁਲਿਸ ਨੇ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਕਾਸਕਰ ਨੇ ਦਾਊਦ ਅਤੇ ਉਸ ਦੇ ਪਰਵਾਰ ਬਾਰੇ ਪੁਲਿਸ ਨੂੰ ਅਹਿਮ ਜਾਣਕਾਰੀ ਦਿਤੀ ਹੈ। ਸੂਤਰਾਂ ਅਨੁਸਾਰ ਕਾਸਕਰ ਨੇ ਪੁਲਿਸ ਨੂੰ ਦਸਿਆ ਹੈ ਕਿ ਦਾਊਦ ਦੀ ਪਤਨੀ ਸ਼ੇਖ਼ ਅਪਣੇ ਪਿਤਾ ਸਲੀਮ ਕਸ਼ਮੀਰੀ ਨੂੰ ਮਿਲਣ ਲਈ ਪਿਛਲੇ ਸਾਲ ਮੁੰਬਈ ਆਈ ਸੀ, ਜੋ ਅਪਣੇ ਪਰਵਾਰ ਨੇ ਮੁੰਬਈ ਰਹਿੰਦੇ ਹਨ। ਪਿਤਾ ਕਸ਼ਮੀਰੀ ਅਤੇ ਪਰਵਾਰ ਦੇ ਬਾਕੀ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਸ਼ੇਖ਼ ਚੁਪਚਾਪ ਭਾਰਤ ਵਿਚੋਂ ਚਲੀ ਗਈ। ਕਾਸਕਰ ਨੇ ਪੁਲਿਸ ਨੂੰ ਕਰਾਚੀ ਵਿਚ ਦਾਊਦ ਦੇ ਚਾਰ ਟਿਕਾਣਿਆਂ ਦੇ ਪਤੇ ਵੀ ਦਸੇ ਹਨ। ਕਾਸਕਰ ਦੇ ਹਵਾਲੇ ਨਾਲ ਪੁਲਿਸ ਨੇ ਦਸਿਆ ਕਿ ਉਸ ਦਾ ਇਕ ਹੋਰ ਭਰਾ ਅਨੀਸ ਇਬਰਾਹਿਮ ਅਤੇ ਉਸ ਦਾ ਨੇੜਲਾ ਸਾਥੀ ਛੋਟਾ ਸ਼ਕੀਲ ਪਾਕਿਸਤਾਨ ਦੇ ਇਕ ਸ਼ਹਿਰ ਦੇ ਵਧੀਆ ਇਲਾਕੇ ਵਿਚ ਹਾਲੇ ਹੀ ਇਕੱਠੇ ਰਹਿ ਰਹੇ ਹਨ। ਉਸ ਨੇ ਕਿਹਾ ਕਿ ਅਨੀਸ ਈਦ ਮੌਕੇ ਮੁੰਬਈ ਵਿਚ ਰਹਿ ਰਹੇ ਅਪਣੇ ਪਰਵਾਰ ਨੂੰ ਫ਼ੋਨ ਕਰਦਾ ਹੈ। ਪਿਛਲੇ ਚਾਰ ਦਿਨਾਂ ਤੋਂ ਕਾਸਕਰ ਤੋਂ ਪੁੱਛਗਿੱਛ ਕਰ ਰਹੀ ਪੁਲਿਸ ਟੀਮ ਨੇ ਉਸ ਕੋਲੋਂ ਦਾਊਦ ਦੇ ਸਿਹਤ ਬਾਰੇ ਵੀ ਪੁਛਿਆ।
ਕਾਸਕਰ ਨੇ ਕਿਹਾ ਕਿ ਦਾਊਦ ਚੰਗਾ-ਭਲਾ ਹੈ ਅਤੇ ਉਸ ਨੂੰ ਕੋਈ ਬੀਮਾਰੀ ਨਹੀਂ ਹੈ।  ਜ਼ਿਕਰਯੋਗ ਹੈ ਕਿ ਕਾਸਕਰ ਅਤੇ ਉਸ ਦਾ ਸਾਥੀ ਸਾਲ 2013 ਤੋਂ ਠਾਣੇ ਵਿਚ ਦਾਊਦ ਦੇ ਨਾਂਅ 'ਤੇ ਇਕ ਮਸ਼ਹੂਰ ਬਿਲਡਰ ਨੂੰ ਧਮਕਾ ਰਹੇ ਸਨ ਅਤੇ ਉਸ ਤੋਂ ਉਹ 30 ਲੱਖ ਰੁਪਏ ਫ਼ਿਰੌਤੀ ਅਤੇ ਚਾਰ ਫ਼ਲੈਟ ਲੈ ਚੁੱਕੇ ਸਨ। ਕਾਸਕਰ ਨੂੰ ਸਾਲ 2003 ਵਿਚ ਯੂਏਈ ਤੋਂ ਭਾਰਤ ਲਿਆਂਦਾ ਗਿਆ ਸੀ। (ਪੀ.ਟੀ.ਆਈ.)