ਸੋਲ, 22 ਅਕਤੂਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਸ਼ੀਆ ਦੌਰੇ ਤੋਂ ਪਹਿਲਾਂ ਉੱਤਰ ਕੋਰੀਆ ਨੇ ਕਿਹਾ ਕਿ ਅਮਰੀਕਾ ਪ੍ਰਮਾਣੂ ਹਮਲੇ ਵਾਲੇ ਯੁੱਧ ਦਾ ਮਾਹੌਲ ਬਣਾ ਰਿਹਾ ਹੈ। ਉੱਤਰ ਕੋਰੀਆ ਨੇ ਕੁਝ ਦੇਸ਼ਾਂ ਨੂੰ ਇਸ ਸਬੰਧ 'ਚ ਚਿੱਠੀ ਲਿਖ ਕੇ ਚਿਤਾਵਨੀ ਜਾਰੀ ਕੀਤੀ ਹੈ। ਆਸਟ੍ਰੇਲੀਆਈ ਮੰਤਰਾਲਾ ਨੇ ਅਜਿਹੀ ਚਿੱਠੀ ਮਿਲਣ ਦੀ ਗੱਲ ਮੰਨੀ ਹੈ।
ਅਜਿਹੀ ਖ਼ਬਰਾਂ ਹਨ ਕਿ ਇਸ ਚਿੱਠੀ 'ਚ ਉੱਤਰ ਕੋਰੀਆ ਵਲੋਂ ਕਿਹਾ ਗਿਆ ਹੈ ਕਿ ਜੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਲੱਗਦਾ ਹੈ ਕਿ ਪ੍ਰਮਾਣੂ ਹਥਿਆਰਾਂ ਨਾਲ ਉਹ ਸਾਨੂੰ ਗੋਢੇ ਟੇਕਣ 'ਤੇ ਮਜਬੂਰ ਕਰ ਦੇਣਗੇ ਤਾਂ ਅਜਿਹਾ ਸੋਚ ਕੇ ਉਹ ਵੱਡੀ ਗਲਤੀ ਕਰ ਰਹੇ ਹਨ। ਉੱਤਰ ਕੋਰੀਆ ਕਈ ਵਾਰ ਇਹ ਗੱਲ ਕਹਿ ਚੁੱਕਾ ਹੈ ਕਿ ਅਮਰੀਕਾ ਉਸ ਨੂੰ ਯੁੱਧ ਲਈ ਉਕਸਾ ਰਿਹਾ ਹੈ ਅਤੇ ਅਮਰੀਕਾ ਉੱਤਰ ਕੋਰੀਆ ਦੇ ਇਸ ਦਾਅਵੇ ਨੂੰ ਰੱਦ ਕਰ ਚੁੱਕਾ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਏਸ਼ੀਆਈ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ। ਇਸ ਦੌਰਾਨ ਉਹ ਉੱਤਰ ਕੋਰੀਆ ਨਾਲ ਲਗਦੀ ਦਖਣੀ ਕੋਰੀਆਈ ਸਰਹੱਦ ਦੇ ਉਸ ਖੇਤਰ ਦੀ ਯਾਤਰਾ ਕਰ ਸਕਦੇ ਹਨ, ਜਿਥੋਂ ਫ਼ੌਜ ਹਟਾਈ ਜਾ ਚੁਕੀ ਹੈ। ਟਰੰਪ ਅਪਣੇ ਇਸ ਦੌਰੇ ਦੌਰਾਨ ਦੱਖਣ ਕੋਰੀਆ, ਚੀਨ, ਜਾਪਾਨ, ਵਿਅਤਨਾਮ ਜਾਣਗੇ। ਅਜਿਹੀ ਵੀ ਖ਼ਬਰਾਂ ਹਨ ਕਿ ਅਮਰੀਕੀ ਰਾਸ਼ਟਰਪਤੀ ਫਿਲੀਪੀਨ ਵੀ ਜਾ ਸਕਦੇ ਹਨ।
ਦੂਜੇ ਪਾਸੇ ਉੱਤਰ ਕੋਰੀਆ ਵਲੋਂ ਵਾਰ-ਵਾਰ ਦਿਤੀ ਜਾ ਰਹੀ ਯੁੱਧ ਦੀ ਧਮਕੀ ਨੇ ਕਈ ਦੇਸ਼ਾਂ ਦੀ ਨੀਂਦ ਉਡਾ ਦਿਤੀ ਹੈ। ਉੱਤਰ ਕੋਰੀਆ ਵਲੋਂ ਸਾਫ ਕਿਹਾ ਗਿਆ ਹੈ ਕਿ ਜੇ ਅਮਰੀਕਾ ਉੱਤਰ ਕੋਰੀਆ ਦੇ ਖੇਤਰ 'ਚ ਇਕ ਇੰਚ ਵੀ ਦਖਲ ਦਿੰਦਾ ਹੈ ਤਾਂ ਉੱਤਰ ਕੋਰੀਆ ਕੋਲ ਇਹ ਸ਼ਕਤੀ ਹੈ ਕਿ ਉਹ ਅਮਰੀਕਾ ਨੂੰ ਸਿੱਧੇ ਨਿਸ਼ਾਨਾ ਬਣਾ ਸਕਦਾ ਹੈ। ਪਿਛਲੇ 6 ਮਹੀਨਿਆਂ ਤੋਂ ਉੱਤਰ ਕੋਰੀਆ ਅਤੇ ਅਮਰੀਕਾ ਵਿਚਕਾਰ ਰਿਸ਼ਤੇ ਕਾਫੀ ਤਣਾਅਪੂਰਨ ਬਣੇ ਹੋਏ ਹਨ ਅਤੇ ਕਿਸੇ ਵੀ ਸਮੇਂ ਯੁੱਧ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸੇ ਸਾਲ ਮਈ 'ਚ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਜਾਪਾਨ ਨੂੰ ਚਿਤਾਵਨੀ ਦਿਤੀ ਸੀ ਕਿ ਪ੍ਰਮਾਣੂ ਹਮਲੇ ਨਾਲ ਉਹ ਜਾਪਾਨ ਨੂੰ ਕੇਕ ਵਾਂਗ ਟੁਕੜਿਆਂ 'ਚ ਵੰਡ ਦੇਣਗੇ। ਇਸ ਤੋਂ ਬਾਅਦ ਜੁਲਾਈ ਨੇ ਉੱਤਰ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ।