ਪੁਜਾਰੀਵਾਦ ਤੇ ਬਾਬਾਵਾਦ ਵਿਰੁਧ ਸਪੋਕਸਮੈਨ ਵਲੋਂ ਨੰਗੇ ਧੜ ਸ਼ੁਰੂ ਕੀਤੀ ਲਹਿਰ ਵੇਖ ਲਉ ਅੱਜ ਕਿਥੇ ਪਹੁੰਚ ਗਈ ਹੈ

ਖ਼ਬਰਾਂ, ਰਾਸ਼ਟਰੀ


ਉੱਚਾ ਦਰ ਬਾਬੇ ਨਾਨਕ ਦਾ, ਪਿੰਡ ਬਪਰੌਰ (ਸਪੋਕਸਮੈਨ ਸਮਚਾਰ ਸੇਵਾ): ਸ. ਜੋਗਿੰਦਰ ਸਿੰਘ ਨੇ ਮੈਂਬਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬਾਬਾ ਨਾਨਕ ਨੇ ਰੱਬ ਅਤੇ ਮਨੁੱਖ ਵਿਚਕਾਰੋਂ ਸੱਭ ਦੂਰੀਆਂ ਖ਼ਤਮ ਕਰ ਦਿਤੀਆਂ ਸਨ, ਇਥੋਂ ਤਕ ਕਿ ਉਹ ਆਪ ਵੀ ਵਿਚ ਨਹੀਂ ਸੀ ਖੜੇ ਹੋਏ ਕਿਉਂਕਿ ਉਹ ਕਹਿੰਦੇ ਸਨ ਕਿ ਰੱਬ ਅਤੇ ਮਨੁੱਖ ਦਾ ਸਿੱਧਾ ਮਿਲਾਪ ਹੀ ਧਰਮ ਹੈ ਅਤੇ ਜਿਹੜਾ ਕੋਈ ਸਾਧ, ਬਾਬਾ, ਵਲੀ, ਪੁਜਾਰੀ ਆਦਿ ਹੋਣ ਦਾ ਦਾਅਵਾ ਕਰ ਕੇ ਅਪਣੇ ਆਪ ਨੂੰ ਮੱਥੇ ਟਿਕਵਾਉਣ ਲਗਦਾ ਹੈ, ਉਹ ਧਰਮ ਨਹੀਂ, ਅਧਰਮ ਦਾ ਪ੍ਰਚਾਰ ਕਰਦਾ ਹੈ। 

ਧਰਮ, ਰੱਬ ਅਤੇ ਮਨੁੱਖ ਦੇ ਸਿੱਧੇ ਮਿਲਾਪ ਦਾ ਇਕ ਸਾਫ਼-ਸੁਥਰਾ ਰਾਹ ਹੈ ਜਿਸ ਉਤੇ ਪੁਜਾਰੀਵਾਦ, ਬਾਬਾਵਾਦ, ਕਰਮ-ਕਾਂਡ ਤੇ ਵਿਅਕਤੀ-ਪੂਜਾ ਨੇ ਬਹੁਤ ਗੰਦ ਪਾ ਦਿਤਾ ਹੈ ਜਿਸ ਨੂੰ ਸਾਫ਼ ਕਰਨਾ ਹੀ ਸਿੱਖੀ ਦਾ ਪਹਿਲਾ ਉਦੇਸ਼ ਹੈ। ਉਨ੍ਹਾਂ ਅੱਗੇ ਚਲਦਿਆਂ ਸੱਭ ਪਾਠਕਾਂ ਤੇ ਮੈਂਬਰਾਂ ਨੂੰ ਪ੍ਰੇਰਿਆ ਕਿ ਇਸ ਮਿਸ਼ਨ ਨੂੰ ਸਰਗਰਮ ਕਰਨ ਲਈ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਬਾਕੀ ਰਹਿੰਦੇ 15-20% ਕੰਮ ਦਾ ਭਾਰ ਵੰਡ ਕੇ, ਅਪਣੇ ਮੋਢਿਆਂ ਤੇ ਚੁੱਕੋ ਤੇ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇੰਜ ਕਰਨਾ, ਬਾਬੇ ਨਾਨਕ ਨਾਲ ਵੀ ਧ੍ਰੋਹ ਕਮਾਉਣਾ ਹੋਵੇਗਾ।

ਪੈਸਾ ਨਾਲ ਨਹੀਂ ਜਾਣਾ ਪਰ 'ਉੱਚਾ ਦਰ' ਵਰਗੀਆਂ ਸੰਸਥਾਵਾਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ 'ਅਧਰਮ' ਦੀ ਖੱਡ ਵਿਚ ਡਿਗਣੋਂ ਬਚਾ ਲੈਣਗੀਆਂ ਤੇ ਸੰਸਾਰ ਨੂੰ ਨਵੀਂ ਰੌਸ਼ਨੀ ਵੀ ਦੇਣਗੀਆਂ, ਇਸ ਲਈ ਇਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਹੈ ਤੇ ਮਾਇਆ ਦੀ ਕੁਰਬਾਨੀ ਕਰਨ ਲਗਿਆਂ ਦਿਲ ਵੱਡੇ ਕਰਨੇ ਚਾਹੀਦੇ ਹਨ।

ਸ. ਜੋਗਿੰਦਰ ਸਿੰਘ ਤੋਂ ਇਲਾਵਾ ਪ੍ਰੋ: ਹਰਦੇਵ ਸਿੰਘ ਵਿਰਕ (ਸਾਇੰਸਦਾਨ), ਪ੍ਰੋ. ਇੰਦਰ ਸਿੰਘ ਘੱਗਾ ਸ. ਮਹਿੰਦਰ ਸਿੰਘ ਖਾਲਸਾ ਬਠਿੰਡਾ, ਡਾ. ਜੀਵਨ ਜੋਤ ਕੌਰ ਫ਼ਰੀਦਕੋਟ, ਸ. ਬਲਵਿੰਦਰ ਸਿੰਘ ਅੰਬਰਸਰੀਆ ਦਿੱਲੀ, ਇੰਜੀਨੀਅਰ ਗੁਰਸ਼ਰਨ ਸਿੰਘ ਜਲੰਧਰ, ਜਸਵੰਤ ਸਿੰਘ ਨਲੂਆ, ਗੁਰਦੇਵ ਸਿੰਘ ਮੁਕਤਸਰ ਸਾਹਿਬ, ਹਰਤੇਗਵੀਰ ਸਿੰਘ ਆਨੰਦਪੁਰ ਸਾਹਿਬ, ਡਾ. ਪ੍ਰੀਤਮ ਸਿੰਘ ਪਟਿਆਲਾ, ਸ. ਬਲਵਿੰਦਰ ਸਿੰਘ ਮਿਸ਼ਨਰੀ ਫ਼ਰੀਦਕੋਟ, ਗਿਆਨੀ ਅਮ੍ਰਿੰਤਪਾਲ ਸਿੰਘ, ਦਲੀਪ ਸਿੰਘ ਤੇ ਪੱਤਰਕਾਰ ਰਣਜੀਤ ਸਿੰਘ ਮੁਕਤਸਰ ਨੇ ਵੀ ਸੰਬੋਧਨ ਕੀਤਾ।
(ਪੂਰੀ ਰੀਪੋਰਟ ਅੰਦਰ
ਸਫ਼ਾ 7 'ਤੇ ਵੇਖੋ)