ਪੁਲਿਸ ਵਲੋਂ ਰਿਆਨ ਸਕੂਲ ਦੇ ਸਟਾਫ਼ ਕੋਲੋਂ ਪੁੱਛ-ਪੜਤਾਲ

ਖ਼ਬਰਾਂ, ਰਾਸ਼ਟਰੀ



ਮੁੰਬਈ, 12 ਸਤੰਬਰ:  ਮੁੰਬਈ ਹਾਈ ਕੋਰਟ ਨੇ ਗੁੜਗਾਉਂ ਦੇ ਸਕੂਲ ਵਿਚ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਰਿਆਨ ਇੰਟਨੈਸ਼ਨਲ ਸਮੂਹ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕਾਂ ਨੂੰ ਗ੍ਰਿਫ਼ਤਾਰੀ ਤੋਂ ਭਲਕੇ ਤਕ ਰਾਹਤ ਮਿਲੀ ਹੈ।
ਰਿਆਨ ਇੰਟਰਨੈਸ਼ਨਲ ਸਮੂਹ ਦੇ ਸੰਸਥਾਪਕ ਅਗਸਟਿਨ ਪਿਟੋ (73) ਅਤੇ ਪ੍ਰਬੰਧ ਨਿਰਦੇਸ਼ਕ ਤੇ ਉਸ ਦੀ ਪਤਨੀ ਗ੍ਰੇਸ ਪਿਟੋ (62) ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿਤੀ ਸੀ। ਜਸਟਿਸ ਅਜੇ ਗਡਕਰੀ ਨੇ ਕਿਹਾ, ''ਆਗਸਟਿਨ ਪਿਟੋ ਅਤੇ ਗ੍ਰੇਸ ਪਿਟੋ ਨੂੰ ਕਲ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਮਹਾਂਰਾਸ਼ਟਰ ਸਰਕਾਰ ਦੀ ਤਰਫ਼ੋਂ ਪੇਸ਼ ਹੋਏ ਸਰਕਾਰੀ ਵਕੀਲ ਦੀ ਬੇਨਤੀ 'ਤੇ ਮਾਮਲੇ ਦੀ ਸੁਣਵਾਈ ਕਲ ਤਕ ਰੋਕੀ ਜਾਂਦੀ ਹੈ।'' ਇਸੇ ਦੌਰਾਨ ਪੁਲਿਸ ਨੇ ਅੱਜ ਰਿਆਨ ਸਕੂਲ ਦੇ ਸਟਾਫ਼ ਕੋਲੋਂ ਪੁੱਛ-ਪੜਤਾਲ ਕੀਤੀ। ਪੁਲਿਸ ਦੀ ਟੀਮ ਸਵੇਰੇ ਰਿਆਨ ਸਕੂਲ ਵਿਚ ਪਹੁੰਚੀ ਅਤੇ ਘਟਨਾ ਸਬੰਧੀ ਸਟਾਫ਼ ਕੋਲੋਂ ਜਾਣਕਾਰੀ ਲਈ। ਪੁਲਿਸ ਦੀ ਇਕ ਟੀਮ ਸਕੂਲ ਦੇ ਮਾਲਕਾਂ ਕੋਲੋਂ ਪੁੱਛ-ਪੜਤਾਲੀ ਕਰਨ ਲਈ ਮੁੰਬਈ ਵੀ ਚਲੇ ਗਈ ਹੈ।
ਸਰਕਾਰੀ ਵਕੀਲ ਅਰੁਣਾ ਕਾਂਮਤ ਪਾਈ ਨੇ ਕਿਹਾ ਕਿ ਅਦਾਲਤ ਨੂੰ ਨੋਟਿਸ ਜਾਰੀ ਕਰ ਕੇ ਹਰਿਆਣਾ ਸਰਕਾਰ ਦਾ ਪੱਖ ਵੀ ਸੁਣਨਾ ਪਵੇਗਾ ਕਿਉਂਕਿ ਬੱਚੇ ਦੇ ਕਤਲ ਦੇ ਮਾਮਲੇ ਦੀ ਸ਼ਿਕਾਇਤ ਉਥੇ ਹੀ ਦਰਜ ਹੈ।        (ਏਜੰਸੀ)