ਪੁਰੀ 'ਚ ਸੌਦਾ ਸਾਧ ਨੇ ਸਰਕਾਰੀ ਜ਼ਮੀਨ 'ਤੇ ਕੀਤਾ ਕਬਜ਼ਾ

ਖ਼ਬਰਾਂ, ਰਾਸ਼ਟਰੀ

ਜ਼ਮੀਨ ਛੁਡਾਉਣ ਦੀ ਕਵਾਇਦ ਸ਼ੁਰੂ
ਭੁਵਨੇਸ਼ਵਰ, 30 ਅਗੱਸਤ : ਉੜੀਸਾ ਸਰਕਾਰ ਨੂੰ ਪਤਾ ਲੱਗਾ ਹੈ ਕਿ ਪੁਰੀ ਵਿਚ ਸੌਦਾ ਸਾਧ ਦੇ ਡੇਰੇ ਨੇ ਪੁਰੀ-ਕੋਨਾਰਕ ਮਰੀਨ ਡਰਾਈਵ ਇਲਾਕੇ ਵਿਚ ਤਕਰੀਬਨ 12 ਡੈਸਮਲ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸਥਾਨਕ ਤਹਿਸੀਲਦਾਰ ਦੀ ਅਗਵਾਈ ਵਾਲੀ ਮਾਲ ਵਿਭਾਗ ਦੀ ਪੰਜ ਮੈਂਬਰੀ ਟੀਮ ਨੇ ਆਸ਼ਰਮ ਦਾ ਮਾਪ ਲਿਆ ਅਤੇ ਉਸ ਵਿਚ ਗੜਬੜੀ ਮਿਲੀ। ਜ਼ਮੀਨ ਮਾਪਣ ਦੀ ਕਵਾਇਦ ਮਾਲ ਮੰਤਰੀ ਮਹੇਸ਼ਵਰੀ ਮੋਹੰਤੀ ਦੇ ਹੁਕਮ 'ਤੇ ਹੋਈ। ਇਹ ਹੁਕਮ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਦਿਤਾ ਗਿਆ। ਸਥਾਨਕ ਲੋਕਾਂ ਨੇ ਆਸ਼ਰਮ ਵਿਰੁਧ ਸਰਕਾਰੀ ਜ਼ਮੀਨ ਉਤੇ ਕਬਜ਼ੇ ਦਾ ਦੋਸ਼ ਲਾਇਆ ਸੀ।  ਪੁਰੀ ਦੇ ਸਬ ਕੁਲੈਕਟਰ ਮਧੂਸੂਦਨ ਦਾਸ ਨੇ ਪੱਤਰਕਾਰਾਂ ਨੂੰ ਕਿਹਾ, 'ਸਥਾਨਕ ਤਹਿਸੀਲਦਾਰ ਆਸ਼ਰਮ ਨੂੰ ਖ਼ਾਲੀ ਕਰਵਾਉਣ ਲਈ ਨੋਟਿਸ ਜਾਰੀ ਕਰੇਗੀ। ਅਸੀਂ ਛੇਤੀ ਹੀ ਕਬਜ਼ਾਈ ਗਈ ਜ਼ਮੀਨ ਵਾਪਸ ਲਵਾਂਗੇ।' ਸੂਤਰਾਂ ਨੇ ਦਸਿਆ ਕਿ ਡੇਰੇ ਨੇ 2004 ਵਿਚ ਔਰਤ ਕੋਲੋਂ ਚਾਰ ਏਕੜ ਜ਼ਮੀਨ ਖ਼ਰੀਦੀ ਸੀ ਅਤੇ ਇਸ 'ਤੇ ਆਸ਼ਰਮ ਬਣਾਇਆ ਸੀ। ਪੁਰੀ ਨਾਗਰਿਕ ਮੰਚ ਨੇ ਸ਼ੁਕਰਵਾਰ ਨੂੰ ਆਸ਼ਰਮ ਸਾਹਮਣੇ ਪ੍ਰਦਰਸ਼ਨ ਕੀਤਾ ਸੀ ਅਤੇ ਸੌਦਾ ਸਾਧ ਦੇ ਸਮਰਥਕਾਂ ਦੁਆਰਾ ਕੀਤੀ ਗਈ ਗੁੰਡਾਗਰਦੀ ਵਿਰੁਧ ਨਾਹਰੇਬਾਜ਼ੀ ਕੀਤੀ ਸੀ। (ਏਜੰਸੀ)