ਰੱਬ ਨੇ ਬਣਾਈ ਹੈ ਭਾਰਤ-ਇਜ਼ਰਾਈਲ ਦੀ ਜੋੜੀ : ਨੇਤਨਯਾਹੂ

ਖ਼ਬਰਾਂ, ਰਾਸ਼ਟਰੀ

ਮੁੰਬਈ, 18 ਜਨਵਰੀ : ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਜ ਭਾਰਤ-ਇਜ਼ਰਾਈਲ ਭਾਈਵਾਲੀ ਨੂੰ 'ਰੱਬ ਦੀ ਬਣਾਈ ਹੋਈ ਜੋੜੀ' ਕਰਾਰ ਦਿਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਇਨਸਾਨੀਅਤ, ਜਮਹੂਰੀਅਤ ਅਤੇ ਆਜ਼ਾਦੀ ਲਈ ਪਿਆਰ ਦੀਆਂ ਸਾਝੀਆਂ ਕਦਰਾਂ-ਕੀਮਤਾਂ 'ਤੇ ਟਿਕੇ ਹੋਏ ਹਨ। ਉਨ੍ਹਾਂ ਇਥੇ ਭਾਰਤ-ਇਜ਼ਰਾਈਲ ਵਪਾਰ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦਾ ਡੂੰਘਾ ਨਿਜੀ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੀ ਦੋਸਤੀ ਹੋਰ ਗੂੜ੍ਹੀ ਹੋਵੇਗੀ ਅਤੇ ਇਹ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਤਕ ਫੈਲੇਗੀ। ਛੇ ਦਿਨਾਂ ਦੀ ਭਾਰਤ ਯਾਤਰਾ ਦੇ ਆਖ਼ਰੀ ਪੜਾਅ ਵਿਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਵਿਚ ਭਾਰਤ, ਇਥੋਂ ਦੇ ਲੋਕਾਂ, ਸਭਿਆਚਾਰ ਪ੍ਰਤੀ ਡੂੰਘਾ ਲਗਾਅ ਅਤੇ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸ਼ਾਨਦਾਰ ਰਹੀ।

 ਨੇਤਨਯਾਹੂ ਨੇ ਭਾਰਤੀ ਕੰਪਨੀਆਂ ਨੂੰ ਅਪਣੇ ਦੇਸ਼ ਵਿਚ ਨਿਵੇਸ਼ ਕਰਨ ਦੀ ਅਪੀਲ ਕਰਦਿਆਂ ਕਿਹਾ, 'ਇਸ ਧਰਾਤਲ 'ਤੇ ਅਸੀਂ ਦੋ ਸੱਭ ਤੋਂ ਪੁਰਾਣੀਆਂ ਸੰਸਕ੍ਰਿਤੀਆਂ ਹਾਂ। ਸਾਡੇ ਇਥੇ ਜਮਹੂਰੀ ਪ੍ਰਬੰਧ ਹੈ। ਅਸੀਂ ਸੱਚਮੁਚ ਸੱਚੇ ਜੋੜੀਦਾਰ ਹਾਂ। ਇਹ ਜੋੜੀ ਰੱਬ ਨੇ ਬਣਾਈ ਹੈ।'ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦੇ ਅਰਥਚਾਰੇ ਵਿਚ ਵਿਆਪਕ ਤਬਦੀਲੀ ਅਤੇ ਭਾਰਤ ਵਿਚ ਮੋਦੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸਮਾਨਤਾ ਹੈ। ਉਨ੍ਹਾਂ ਕਿਹਾ, 'ਮੈਂ ਜਦ ਮੋਦੀ ਨਾਲ ਗੱਲ ਕੀਤੀ ਤਾਂ ਵੇਖਿਆ ਕਿ ਉਹ ਉਹੀ ਕੰਮ ਕਰ ਰਹੇ ਹਨ ਜੋ ਮੈਂ ਕੀਤਾ। ਉਹ ਅਪਣਾ ਕੰਮ ਬਾਖ਼ੂਬੀ ਕਰ ਰਹੇ ਹਨ।' ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ 10ਵੇਂ ਨੰਬਰ ਉਤੇ ਆਉਣ ਦਾ ਟੀਚਾ ਹੈ। ਉਨ੍ਹਾਂ ਚੋਣਵੇਂ ਭਾਰਤੀ ਉਦਯੋਗਪਤੀਆਂ ਨਾਲ ਨਾਸ਼ਤੇ ਸਮੇਂ ਕਿਹਾ ਕਿ ਕੰਪਨੀਆਂ ਲਈ ਬਿਨਾਂ ਕਿਸੇ ਅੜਿੱਕੇ ਨਵਤਬਦੀਲੀ ਅਹਿਮ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਇਥੇ ਮੁੰਬਈ ਹਮਲੇ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿਤੀ।    (ਏਜੰਸੀ)