ਰਾਫ਼ੇਲ ਸੌਦਾ 'ਇਕ ਝੂਠ ਲੁਕਾਉਣ ਲਈ ਸੌ ਝੂਠ ਬੋਲ ਰਹੀ ਹੈ ਮੋਦੀ ਸਰਕਾਰ'

ਖ਼ਬਰਾਂ, ਰਾਸ਼ਟਰੀ

ਜਹਾਜ਼ਾਂ ਦੀਆਂ ਕੀਮਤ ਦੱਸਣ ਨਾਲ ਕੋਈ ਕੌਮੀ ਸੁਰੱਖਿਆ ਪ੍ਰਭਾਵਤ ਨਹੀਂ ਹੋਵੇਗੀ: ਕਾਂਗਰਸ
ਨਵੀਂ ਦਿੱਲੀ, 8 ਫ਼ਰਵਰੀ : ਕਾਂਗਰਸ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦੇ ਬਾਰੇ ਅੱਜ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਇਕ ਝੂਠ ਨੂੰ ਲੁਕਾਉਣ ਲਈ ਸੌ ਝੂਠ ਬੋਲੇ ਜਾ ਰਹੇ ਹਨ ਅਤੇ ਜੇ ਇਸ ਸੌਦੇ ਵਿਚ ਸਰਕਾਰੀ ਮਾਲੀਏ ਨੂੰ ਕੋਈ ਨੁਕਸਾਨ ਹੋਇਆ ਹੈ ਤਾਂ ਕੀ ਪ੍ਰਧਾਨ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹਨ? ਪਾਰਟੀ ਨੇ ਇਹ ਵੀ ਕਿਹਾ ਕਿ ਇਹ ਰਾਫ਼ੇਲ ਸੌਦੇ ਬਾਰੇ ਅਜਿਹੀ ਕੋਈ ਜਾਣਕਾਰੀ ਨਹੀਂ ਮੰਗ ਰਹੀ ਹੈ ਜਿਸ ਨਾਲ ਕੌਮੀ ਸੁਰੱਖਿਆ ਪ੍ਰਭਾਵਤ ਹੋਵੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਫ਼ੇਲ ਲੜਾਕੂ ਜਹਾਜ਼ ਸੌਦੇ ਦੀ ਗੜਬੜ 'ਤੇ ਇਕ ਝੂਠ ਨੂੰ ਲੁਕਾਉਣ ਲਈ ਸੌ ਝੂਠ ਬੋਲਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਦੀ ਸਚਾਈ ਬਣ ਗਈ ਹੈ।

 ਉਨ੍ਹਾਂ ਕਿਹਾ ਕਿ ਇਸ ਸੌਦੇ ਵਿਚ ਦਾਲ ਵਿਚ ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਹੈ। ਸੁਰਜੇਵਾਲਾ ਨੇ ਕਿਹਾ ਕਿ ਇਸ ਮੁੱਦੇ 'ਤੇ ਰਖਿਆ ਮੰਤਰੀ ਅਤੇ ਵਿੱਤ ਮੰਤਰੀ ਵੱਖ ਵੱਖ ਭਾਸ਼ਾ ਬੋਲ ਰਹੇ ਹਨ ਅਤੇ ਪ੍ਰਧਾਨ ਮੰਤਰੀ ਚੁੱਪ ਬੈਠੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਰਖਿਆ ਮੰਤਰੀ ਆਏ ਦਿਨ ਰਾਫ਼ੇਲ ਸੌਦੇ ਕਾਰਨ ਹੋਏ ਵਿੱਤੀ ਨੁਕਸਾਨ ਨੂੰ ਲੁਕਾਉਣ ਲਈ ਦੇਸ਼ ਨੂੰ ਗੁਮਰਾਹ ਕਰਨ ਦਾ ਯਤਨ ਕਰਦੇ ਹਨ। ਸੁਰਜੇਵਾਲਾ ਨੇ ਕਿਹਾ ਕਿ ਰਖਿਆ ਮੰਤਰੀ ਨੇ 17 ਨਵੰਬਰ 2017 ਨੂੰ ਕਿਹਾ ਸੀ ਕਿ ਉਹ ਜਹਾਜ਼ ਦੀਆਂ ਕੀਮਤਾਂ ਦੱਸਣ ਦੀ ਚਾਹਵਾਨ ਹੈ। ਬਾਅਦ ਵਿਚ ਅਜਿਹਾ ਕੀ ਹੋ ਗਿਆ ਕਿ ਹੁਣ ਕੋਈ ਇਸ ਦੀ ਕੀਮਤ ਦੱਸਣ ਨੂੰ ਤਿਆਰ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਜਹਾਜ਼ ਦੀ ਤਕਨੀਕੀ ਜਾਣਕਾਰੀ ਨਹੀਂ ਮੰਗ ਰਹੇ ਜਿਸ ਨਾਲ ਸੁਰੱਖਿਆ ਪ੍ਰਭਾਵਤ ਹੁੰਦੀ ਹੋਵੇ।  (ਏਜੰਸੀ)